ਬਰਨਾਲਾ : ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਦਿਲੀ ਬਾਰਡਰ ਤੇ ਕੇਂਂਦਰ ਖਿਲਾਫ ਸ਼ੁਰੂ ਕੀਤੇ ਗਏ ਕਿਸਾਨੀ ਸਘੰਰਸ਼ ਨੂੰ ਸਮਰਥਨ ਦੇਣ ਵਾਲੇ ਕਿਸਾਨਾਂ ਦੀਆਂ ਜਾਨਾਂ ਜਾਣ ਦੀਆਂ ਖਬਰਾਂ ਰੁਕ ਨਹੀਂ ਰਹੀਆਂ। ਹੁਣ ਤੱਕ 60 ਤੋਂ ਵੱਧ ਪੰਜਾਬ ਦੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਸ਼ਾਮ ਟਿੱਕਰੀ ਬਾਰਡਰ ਵਿਖੇ ਕਿਸਾਨ ਮੋਰਚੇ ਤੋਂ ਬਰਨਾਲਾ ਦੇ ਪਿੰਡ ਸਹਿਜੜਾ ਪਰਤੇ ਇਕ ਕਿਸਾਨ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ, ਇਕਾਈ ਸਹਿਜੜਾ ਦੇ ਪ੍ਰਚਾਰ ਸਕੱਤਰ ਰਾਮਪਾਲ ਸਿੰਘ (58) ਮੱਲ ਸਿੰਘ ਵਾਸੀ ਸਹਿਜੜਾ ਕਿਸਾਨੀ ਸੰਘਰਸ਼ ਚ 3 ਜਨਵਰੀ ਨੂੰ ਟਿੱਕਰੀ ਬਾਰਡਰ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਭਾਗ ਲੈਣ ਲਈ ਗਿਆ | ਪੂਰਾ ਇਕ ਹਫ਼ਤਾ ਉੱਥੇ ਬਿਤਾਉਣ ਉਪਰੰਤ ਅੱਜ ਘਰ ਵਾਪਸ ਪਰਤਦੇ ਸਮੇਂ ਧਨੌਲਾ ਨੇੜੇ ਉਸ ਦੀ ਤਬੀਅਤ ਅਚਾਨਕ ਖਰਾਬ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ | ਪਿੰਡ ਪਹੁੰਚਣ 'ਤੇ ਜਥੇਬੰਦੀ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਦੀ ਜਾਂਚ ਕਰਵਾਈ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |
ਇਸ ਘਟਨਾ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਰਨੈਲ ਸਿੰਘ ਗਾਂਧੀ ਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਸਮੇਤ ਹੋਰ ਆਗੂਆਂ ਨੇ ਦੁੱਖ ਪ੍ਰਗਟਾਇਆ। ਪੰਜਾਬ ਸਰਕਾਰ ਤੋਂ ਮਿ੍ਤਕ ਕਿਸਾਨ ਰਾਮਪਾਲ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ |