Friday, November 22, 2024
 

ਰਾਸ਼ਟਰੀ

ਉੜੀਸਾ ਵਿਚ 'ਫ਼ੋਨੀ' ਤੂਫ਼ਾਨ ਨੇ ਲਈਆਂ 12 ਜਾਨਾਂ

May 04, 2019 10:27 PM
  • 10 ਹਜ਼ਾਰ ਪਿੰਡਾਂ ਵਿਚ ਬਚਾਅ ਕਾਰਜ ਜਾਰੀ, ਸੰਯੁਕਤ ਰਾਸ਼ਟਰ ਨੇ ਕੀਤੀ ਸ਼ਲਾਘਾ
    ਫ਼ੋਨੀ ਕਾਰਨ ਨੀਟ 2019 ਦਾ ਇਮਤਿਹਾਨ ਰੱਦ
    ਭੁਵਨੇਸ਼ਵਰ,  (ਏਜੰਸੀ) : ਚੱਕਰਵਾਤੀ ਤੂਫ਼ਾਨ ਫ਼ੋਨੀ ਨੇ ਉੜੀਸਾ ਵਿਚ ਘੱਟੋ-ਘੱਟ 12 ਜਣਿਆਂ ਦੀ ਜਾਨ ਲੈ ਲਈ ਹੈ। ਗਰਮੀ ਦੇ ਮੌਸਮ ਵਿਚ ਦਸਤਕ ਦੇਣ ਦੇ ਇਕ ਦਿਨ ਮਗਰੋਂ ਸਨਿਚਰਵਾਰ ਨੂੰ ਰਾਜ ਦੇ ਲਗਭਗ 10 ਹਜ਼ਾਰ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਅਧਿਕਾਰੀਆਂ ਨੇ ਦਸਿਆ ਕਿ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੇ ਇਸ ਭਿਆਨਕ ਤੂਫ਼ਾਨ ਕਾਰਨ ਪੁਰੀ ਵਿਚ ਤੇਜ਼ ਮੀਂਹ ਅਤੇ ਹਨੇਰੀ ਆਈ। ਤੂਫ਼ਾਨ ਦੇ ਕਮਜ਼ੋਰ ਪੈਣ ਅਤੇ ਪਛਮੀ ਬੰਗਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਇਸ ਦੀ ਲਪੇਟ ਵਿਚ ਆਏ ਕਸਬਿਆਂ ਅਤੇ ਪਿੰਡਾਂ ਵਿਚ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਅਤੇ ਕਈ ਪੂਰੀ ਤਰ੍ਹਾਂ ਬਰਬਾਦ ਹੋ ਗਏ। ਰੇਲ, ਬੱਸ, ਹਵਾਈ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਤ ਹੈ। ਸਕੂਲ ਤੇ ਹੋਰ ਵਿਦਿਅਕ ਅਦਾਰੇ ਬੰਦ ਕਰ ਦਿਤੇ ਗਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਸਮਾਂਬੱਧ ਪ੍ਰਬੰਧ ਕੀਤੇ ਗਏ ਸਨ, ਉਸ ਕਾਰਨ ਬਹੁਤਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ।
          ਉਧਰ, ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ (ਐਚਆਰਡੀ) ਨੇ ਦਸਿਆ  ਕਿ ਚਕਰਵਾਤ ਫ਼ੋਨੀ ਕਾਰਨ ਉੜੀਸਾ ਵਿਚ ਰਾਸ਼ਟਰੀ ਯੋਗਤਾ ਦਾਖ਼ਲਾ ਪ੍ਰੀਖਿਆ (ਨੀਟ), 2019 ਰੱਦ ਕਰ ਦਿਤੀ ਗਈ ਹੈ। ਸੂਬੇ ਵਿਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਕਾਰਨ ਪ੍ਰਸ਼ਾਸਨ ਵਲੋਂ ਕੀਤੀ ਅਪੀਲ ਮਗਰੋਂ ਇਹ ਫ਼ੈਸਲਾ ਕੀਤਾ ਗਿਆ। ਐਚਆਰਡੀ ਸਕੱਤਰ ਆਰ ਸੁਬਰਮਨੀਅਮ ਨੇ ਟਵਿਟਰ 'ਤੇ ਦਸਿਆ, ' ਉੜੀਸਾ ਸਰਕਾਰ ਨੇ ਅਪੀਲ ਕੀਤੀ ਹੈ ਕਿ ਸੂਬੇ ਵਿਚ ਪੰਜ ਮਈ ਨੂੰ ਹੋਣ ਵਾਲੇ ਨੀਟ ਇਮਤਿਹਾਨ ਨੂੰ ਹਾਲ ਦੀ ਘੜੀ ਰੱਦ ਕਰ ਦਿਤਾ ਜਾਵੇ। ਇਸ ਸਬੰਧੀ ਅਗਲੀ ਤਰੀਕ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।''
    ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿਚ ਚਾਰ ਜਣਿਆਂ ਦੀ ਮੌਤ ਹੋ ਜਾਣ ਕਾਰਨ ਇਹ ਗਿਣਤੀ ਵੱਧ ਕੇ 12 ਹੋ ਚੁੱਕੀ ਹੈ।
 

Have something to say? Post your comment

 
 
 
 
 
Subscribe