ਸ੍ਰੀ ਗੁਰੂ ਤੇਗ ਬਹਾਦਰ ਨੂੰ ਪੰਜਾਬ ਤੱਕ ਸੀਮਤ ਕਰਕੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਨਾ ਕਰੋ
ਚੰਡੀਗੜ੍ਹ : ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਵੱਲੋਂ ਧਾਰਮਿਕ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ ਪੰਜਾਬ ਤੱਕ ਸੀਮਤ ਕਰਕੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਵੱਲੋਂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਦਿੱਤੀ ਸ਼ਹਾਦਤ ਦੀ ਮਿਸਾਲ ਅਦੁੱਤੀ ਹੈ ਅਤੇ ਇਹ ਤਾਂ ਸਮੁੱਚੀ ਦੁਨੀਆਂ ਲਈ ਜਮੀਰ ਦੀ ਆਵਾਜ਼ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਲਈ ਕੁਰਬਾਨੀ ਦੀ ਮਿਸਾਲ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋ੍ਰਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਨਾ ਦੇਣ ਦੇ ਮੁੱਦੇ ਉਤੇ ਸ.ਰੰਧਾਵਾ ਵੱਲੋਂ ਇਤਫਾਕ ਨਾ ਰੱਖਣ ਕਾਰਨ ਆਮ ਆਦਮੀ ਪਾਰਟੀ ਵੱਲੋਂ ਉਨਾਂ ਉਤੇ ਭਾਜਪਾ ਨਾਲ ਰਲੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਾਂਗਰਸੀ ਮੰਤਰੀ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਿਆਸਤ ਨੂੰ ਨਹੀਂ ਲਿਆਉਣਾ ਚਾਹੀਦਾ।
ਰੰਧਾਵਾ ਨੇ ਕਿਹਾ ਕਿ ਭਾਜਪਾ ਖਿਲਾਫ ਕਾਂਗਰਸ ਦੇ ਵਿਰੋਧ ਨੂੰ ਭਾਜਪਾ ਦੀ ‘ਬੀ’ ਟੀਮ ਆਪ ਵੱਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਕਾਂਗਰਸ ਤਾਂ ਮੁੱਢ ਤੋਂ ਹੀ ਭਾਜਪਾ ਦੀ ਘੋਰ ਸਿਆਸੀ ਵਿਰੋਧੀ ਪਾਰਟੀ ਰਹੀ ਹੈ ਜਦੋਂ ਕਿ ਕੇਜਰੀਵਾਲ ਦੀ ‘ਖਾਸ’ ਪਾਰਟੀ ਭਾਜਪਾ ਦੀ ‘ਬੀ’ ਟੀਮ ਵਜੋਂ ਹੀ ਕੰਮ ਕਰਦੀ ਹੈ। 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵਾਰਾਨਸੀ ਤੋਂ ਚੋਣ ਲੜਨ ਵਾਲੇ ਨਰਿੰਦਰ ਮੋਦੀ ਨੂੰ ਜਿੱਤ ਦਿਵਾਉਣ ਖਾਤਰ ਅਰਵਿੰਦ ਕੇਜਰੀਵਾਲ ਨੇ ਖੁਦ ਜਾ ਕੇ ਉਥੋਂ ਚੋਣ ਲੜੀ ਤਾਂ ਜੋ ਵਿਰੋਧੀ ਧਿਰਾਂ ਦੀਆਂ ਵੋਟਾਂ ਵੰਡੀਆਂ ਜਾ ਸਕਣ।