Friday, November 22, 2024
 

ਚੰਡੀਗੜ੍ਹ / ਮੋਹਾਲੀ

2021 ਦੌਰਾਨ ਪੰਜਾਬ ਦੇ ਟਰਾਂਸਪੋਰਟ ਖੇਤਰ ਦੀ ਹੋਵੇਗੀ ਕਾਇਆ ਕਲਪ: ਰਜ਼ੀਆ ਸੁਲਤਾਨਾ 🚌

January 09, 2021 11:33 AM

ਚੰਡੀਗੜ੍ਹ : ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਾਲ 2021 ਦੌਰਾਨ ਟਰਾਂਸਪੋਰਟ ਵਿਭਾਗ ਵਿਚ ਕਈ ਲੋਕ ਪੱਖੀ ਨੀਤੀਆਂ ਸ਼ੁਰੂ ਕਰਨ ਦੀ ਗੱਲ ਆਖੀ ਹੈ। ਇੱਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਵੈਰੁਜ਼ਗਾਰ ਸ਼ੁਰੂ ਕਰਨ ਦੇ ਮਕਸਦ ਨਾਲ ਪੰਜ ਹਜ਼ਾਰ ਮਿੰਨੀ ਬੱਸਾਂ ਦੇ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਪੰਜ ਹਜ਼ਾਰ ਮਿੰਨੀ ਬੱਸ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਮਾਰਚ 2021 ਤੱਕ ਪੂਰੀ ਕਰ ਲਈ ਜਾਵੇਗੀ। ਵਿਭਾਗ ਕੋਲ ਲਗਭਗ 12000 ਦਰਖਾਸਤਾਂ ਇਸ ਸਬੰਧੀ ਪ੍ਰਾਪਤ ਹੋਈਆਂ ਹਨ। ਇਸ ਦੇ ਨਾਲ ਹੀ ਵੱਡੀਆਂ ਬੱਸਾਂ ਦੇ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਮਾਰਚ ਤੋਂ ਸ਼ੁਰੂ ਕਰ ਲਈ ਜਾਵੇਗੀ।
ਉਨਾਂ ਦੱਸਿਆ ਕਿ ਨਿੱਜੀ ਬੱਸਾਂ ਸਮੇਤ ਸਾਰੀਆਂ ਬੱਸਾਂ ‘ਚ ਵਾਹਨ ਟਰੈਕਿੰਗ ਸਿਸਟਮ ਲਗਾਉਣ ਦੀ ਵੀ ਤਜਵੀਜ਼ ਹੈ। ਪਨਬੱਸ ਦੀਆਂ ਬੱਸਾਂ ਵਿਚ ਇਹ ਸਿਸਟਮ ਲਗਾਇਆ ਜਾ ਚੁੱਕਾ ਹੈ ਜਿਸ ਨਾਲ ਬੱਸ ਦੀ ਮੂਵਮੈਂਟ ਦਾ ਤਾਂ ਪਤਾ ਚੱਲਦਾ ਹੀ ਹੈ, ਟਿਕਟਾਂ ਦੀ ਚੋਰੀ ਚੈੱਕ ਕਰਨ ਵਿਚ ਵੀ ਇਹ ਸਿਸਟਮ ਬਹੁਤ ਲਾਭਕਾਰੀ ਹੈ। ਪੀਆਰਟੀਸੀ ਦੀਆਂ ਬੱਸਾਂ ਵਿਚ ਵੀ ਅਗਲੇ 6 ਮਹੀਨਿਆਂ ਵਿਚ ਇਹ ਸਿਸਟਮ ਲੱਗ ਜਾਵੇਗਾ।
ਉਨਾਂ ਦੱਸਿਆ ਕਿ ਮੌਜੂਦਾ ਸਾਲ ਵਿਚ ਪੰਜਾਬ ਕੋਲ 600 ਹੋਰ ਨਵੀਆਂ ਬੱਸਾਂ ਆ ਜਾਣਗੀਆਂ ਜਿਸ ਨਾਲ ਪਬਲਿਕ ਟਰਾਂਸਪੋਰਟ ਦੇ ਖੇਤਰ ਵਿਚ ਲੋਕਾਂ ਨੂੰ ਸਫਰ ਕਰਨ ਦੀ ਜ਼ਿਆਦਾ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਪਨਬੱਸ ਲਈ 350 ਬੱਸਾਂ ਅਤੇ ਪੀਆਰਟੀਸੀ ਲਈ 250 ਬੱਸਾਂ ਖਰੀਦੀਆਂ ਜਾਣਗੀਆਂ। ਇਸ ਸਮੇਂ ਪੰਜਾਬ ਰੋਡਵੇਜ਼ ਤੇ ਪਨਬੱਸ ਕੋਲ 1611 ਅਤੇ ਪੀਆਰਟੀਸੀ ਕੋਲ 1121 ਬੱਸਾਂ ਹਨ। ਪੰਜਾਬ ਦੇ ਸਾਰੇ ਬੱਸ ਅੱਡਿਆਂ ਵਿਚ ਸਵਾਰੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਵੀ ਸੂਬਾ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਨਾਂ ਦੱਸਿਆ ਕਿ ਬੱਸਾਂ ਦੇ ਨਵੇਂ ਟਾਈਮ ਟੇਬਲ ਨੂੰ ਵੀ ਜਲਦ ਲਾਗੂ ਕਰ ਦਿੱਤਾ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ 6 ਆਟੋਮੈਟਿਡ ਟੈਸਟ ਸੈਂਟਰ ਸਥਾਪਤ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਗੱਡੀਆਂ ਦੀ ਪਾਸਿੰਗ ਆਟੋਮੈਟਿਕ ਸਿਸਟਮ ਨਾਲ ਹੋ ਸਕੇਗੀ। ਉਨਾ ਦੱਸਿਆ ਕਿ ਮਾਹੂਆਣਾ ਅਤੇ ਮੁਕਤਸਰ ਵਿਖੇ ਚੱਲ ਰਹੇ ਡਰਾਈਵਿੰਗ ਲਾਇਸੰਸ ਟੈਸਟ ਟਰੈਕ ਦੇ ਨਾਲ-ਨਾਲ ਹੁਣ ਬਟਾਲਾ ਅਤੇ ਮਲੇਰਕੋਟਲਾ ਵਿਖੇ ਨਵੇਂ ਹੈਵੀ ਡਰਾਈਵਿੰਗ ਟੈਸਟ ਟਰੈਕ ਸਥਾਪਤ ਕੀਤੇ ਜਾਣਗੇ। ਉਨਾਂ ਕਿਹਾ ਕਿ ਡਰਾਈਵਿੰਗ ਲਾਇਸੰਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਦਰਖਾਸਤਕਰਤਾ ਦੀ ਰਿਹਾਇਸ਼ ‘ਤੇ ਪਹੁੰਚਾਉਣ ਦੀ ਸੁਵਿਧਾ ਸ਼ੁਰੂ ਕਰਨ ਲਈ ਵੀ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਇਸ ਨੂੰ ਅਮਲੀ ਜਾਮਾ ਪਹਿਣਾ ਦਿੱਤਾ ਜਾਵੇਗਾ।
ਇਕ ਹੋਰ ਅਹਿਮ ਐਲਾਨ ਕਰਦਿਆਂ ਉਨਾਂ ਦੱਸਿਆ ਕਿ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਈ-ਚਲਾਨ ਸਿਸਟਮ ਸ਼ੁਰੂ ਕਰਨ ਦੀ ਤਜਵੀਜ਼ ਹੈ ਤਾਂ ਜੋ ਲੋਕ ਜ਼ਿਆਦਾ ਸਾਵਧਾਨੀ ਨਾਲ ਵਾਹਨ ਚਲਾਉਣ। ਇਸ ਦੇ ਨਾਲ ਹੀ ਕਮਰਸ਼ੀਅਲ ਡਰਾਈਵਰਾਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰਨ ਲਈ ਜਨਤਕ-ਨਿੱਜੀ ਸਾਂਝੇਦਾਰੀ ਰਾਹੀਂ 18.50 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਵਿਖੇ ‘ਡਰਾਈਵਿੰਗ ਟਰੇਨਿੰਗ ਐਂਡ ਰਿਸਰਚ ਇੰਸਟੀਚਿਊਟ’ ਸਥਾਪਤ ਕਰਨ ਦਾ ਵੀ ਵਿਚਾਰ ਹੈ ਜਦਕਿ ਕਪੂਰਥਲਾ ਜ਼ਿਲੇ ਵਿਚ ‘ਇੰਸਪੈਕਸ਼ਨ ਅਤੇ ਸਰਟੀਫਿਕੇਟ ਸੈਂਟਰ’ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ।
ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਉਨਾਂ ਐਲਾਨ ਕੀਤਾ ਕਿ ’ਡਰਾਈਵਿੰਗ ਲਾਇਸੰਸ’ ਅਤੇ ’ਰਜਿਸਟਰੇਸ਼ਨ ਸਰਟੀਫਿਕੇਟ’ ਬਾਰੇ ਜਾਣਕਾਰੀ ਲੈਣ ਲਈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ (ਹਫਤੇ ਵਿੱਚ ਸੱਤ ਦਿਨ) ਟੋਲ-ਫਰੀ ਹੈਲਪਲਾਈਨ 1800-180-0222 ਜਲਦ ਸਥਾਪਿਤ ਕੀਤੀ ਜਾ ਰਹੀ ਹੈ।

 

Have something to say? Post your comment

Subscribe