Friday, November 22, 2024
 

ਚੰਡੀਗੜ੍ਹ / ਮੋਹਾਲੀ

ਸਾਈਬਰ ਹੈਕਰਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 6 ਗਿ੍ਰਫਤਾਰ🚨

January 06, 2021 08:51 AM
ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ ਅਤੇ ਰਮਨ ਰਾਜਸਥਾਨ ਦੇ ਰਹਿਣ ਵਾਲੇ ਹਨ ਜਦਕਿ ਦਿਨੇਸ਼ ਅਤੇ ਰਾਹੁਲ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇੱਕ ਹਾਲੇ ਹੀ ਫਰਾਰ ਹੈ। ਇਹ ਪੰਜਾਬ, ਹਰਿਆਣਾ ਅਤੇ ਯੂ.ਪੀ ਸੂਬੇ ਵਿੱਚ ਗਿਰੋਹ ਚਲਾਉਂਦੇ ਸਨ। ਪੁਲਿਸ ਨੇ ਕਈ ਏ.ਟੀ.ਐਮ. ਕਾਰਡ, ਨਕਦੀ, ਸਿਮ ਅਤੇ ਇੱਕ ਪੀਓਐਸ (ਪੁਆਇੰਟ ਆਫ ਸੇਲ) ਮਸ਼ੀਨ ਬਰਾਮਦ ਕੀਤੀ ਹੈ। 
ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਉਕਤ ਵਲੋਂ ਫੇਸਬੁੱਕ ਉੱਤੇ ਫਰਜ਼ੀ ਅਕਾਊਂਟ ਬਣਾਇਆ ਗਿਆ ਸੀ ਜਿਸ ਦਾ ਨਾਮ ਸੁਰੇਸ਼ ਨਾਂਗੀਆ, ਮੁੱਖ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ, ਪੰਜਾਬ ਰੱਖਿਆ ਗਿਆ ਸੀ। ਉਹ ਇਸ ਫਰਜ਼ੀ ਅਕਾਊਂਟ ਰਾਹੀਂ ਖੁਦ ਨੂੰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੱਸ ਕੇ ਲੋਕਾਂ ਤੋਂ ਧੋਖੇ ਨਾਲ ਪੈਸੇ ਮੰਗਣ ਦੀ ਧਾਂਦਲੀ ਨੂੰ ਅੰਜਾਮ ਦਿੰਦੇ ਸਨ। ਉਨਾਂ ਕਿਹਾ ਕਿ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਦੀ ਜਾਣਕਾਰੀ ਮਿਲਣ ਉਪਰੰਤ ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਤੁਰੰਤ ਅਸਿਸਟੈਂਟ ਇੰਸਪੈਕਟ ਜਨਰਲ, ਸਟੇਟ ਸਾਇਬਰ ਕਰਾਇਮ ਇੰਦਰਵੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ, ਸਬ-ਇੰਸਪੈਕਟਰ ਆਲਮਜੀਤ ਸਿੰਘ ਸਿੱਧੂ ਅਤੇ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਅਤੇ ਇਹਨਾਂ ਟੀਮਾਂ ਨੂੰ ਜਾਂਚ ਲਈ ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਲਈ ਰਵਾਨਾ ਕੀਤਾ। ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਸਾਈਬਰ ਕਰਾਈਮ ਦੇ ਏ.ਆਈ.ਜੀ.( ਸਟੇਟ) ਇੰਦਰਬੀਰ ਸਿੰਘ ਅਤੇ ਸਾਈਬਰ ਕ੍ਰਾਈਮ ਦੇ ਡੀ.ਐਸ.ਪੀ. (ਸਟੇਟ) ਸਮਰਪਾਲ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਇਸ ਕਾਰਵਾਈ ਵਿੱਚ ਸਬ-ਇੰਸਪੈਕਟਰ ਵਿਕਾਸ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ। 
ਸੁਕਲਾ ਨੇ ਕਿਹਾ ਕਿ ਛੇ ਸਾਈਬਰ ਅਪਰਾਧੀਆਂ ਦੀ ਗਿ੍ਰਫਤਾਰੀ ਨਾਲ ਫੇਸਬੁੱਕ ਹੈਕਿੰਗ, ਓਐਲਐਕਸ/ਬੈਂਕ ਧੋਖਾਧੜੀ ਅਤੇ ਹੋਰ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਾਇਤਾ ਮਿਲੇਗੀ। ਮੁਲਜ਼ਮਾਂ ਵਿਰੁੱਧ ਥਾਣਾ ਸਟੇਟ ਸਾਈਬਰ ਕ੍ਰਾਈਮ ਵਿਖੇ ਆਈਪੀਸੀ ਦੀ ਧਾਰਾ 170, 419, 420, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66, 66-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ।
 

Have something to say? Post your comment

Subscribe