ਗਾਜ਼ੀਆਬਾਦ : ਖੇਤੀ ਕਾਨੂੰਨਾਂ ਵਿਰੁੱਧ ਗਾਜ਼ੀਪੁਰ ਬਾਰਡਰ ’ਤੇ ਡਟੇ ਯੂ.ਪੀ. ਦੇ ਕਿਸਾਨ ਕਸ਼ਮੀਰ ਸਿੰਘ ਨੇ ਅੱਜ ਖੁਦਕੁਸ਼ੀ ਕਰ ਲਈ। ਕਸ਼ਮੀਰ ਸਿੰਘ ਯੂ.ਪੀ. ਦੇ ਰਾਮਪੁਰ ਜ਼ਿਲ੍ਹੇ ਅਧੀਨ ਪੈਂਦੇ ਬਿਲਾਸਪੁਰ ਕਸਬੇ ਨਾਲ ਸਬੰਧਤ ਸੀ ਅਤੇ ਪੁਲਿਸ ਨੂੰ ਉਸ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਕਸ਼ਮੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ’ਤੇ ਧਰਨਾਕਾਰੀ ਕਿਸਾਨਾਂ ਵਿਚ ਸੋਗ ਦੀ ਲਹਿਰ ਦੌੜ ਗਈ। ਕਿਸਾਨ ਜਥੇਬੰਦੀਆਂ ਨੇ ਗਾਜ਼ੀਪੁਰ ਬਾਰਡਰ ’ਤੇ ਲੱਗੀ ਮੁੱਖ ਸਟੇਜ ਤੋਂ ਕਸ਼ਮੀਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਸ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਲਾਲਾਬਾਦ ਦੇ ਇਕ ਐਡਵੋਕੇਟ ਨੇ ਕਿਸਾਨੀ ਮੰਗਾਂ ਦੇ ਹੱਕ ਵਿਚ ਦਿੱਲੀ ਬਾਰਡਰ ’ਤੇ ਆਤਮਦਾਹ ਕਰ ਲਿਆ ਸੀ ਜਦਕਿ ਬਾਬਾ ਰਾਮ ਸਿੰਘ ਨੇ ਠੰਢ ਵਿਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਹਾਲਤ ਤੋਂ ਦੁਖੀ ਹੋ ਕੇ ਖੁਦ ਨੂੰ ਗੋਲੀ ਮਾਰ ਲਈ ਸੀ। ਦੂਜੇ ਪਾਸੇ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਭਨਾਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਹਰਿਆਣਾ ਦੇ ਕਿਸਾਨ ਐਲਾਨ ਕਰ ਚੁੱਕੇ ਹਨ ਮੀਟਿੰੰਗ ਬੇਸਿੱਟਾ ਰਹਿਣ ਦੀ ਸੂਰਤ ਵਿਚ ਸੂਬੇ ਦੇ ਸਾਰੇ ਸ਼ੌਪਿੰਗ ਮਾਲ ਅਤੇ ਪੈਟਰੋਲ ਪੰਪ ਬੰਦ ਕਰਵਾ ਦਿਤੇ ਜਾਣਗੇ ਅਤੇ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।