ਨਵੀਂ ਦਿੱਲੀ : ਪੜ੍ਹਣ ਵਿਚ ਭਾਂਵੇ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਹੁਣ ਕੀੜੀਆਂ ਨੂੰ ਮਾਰ ਕੇ ਉਨ੍ਹਾਂ ਦੀ ਚਟਨੀ ਬਣਾਈ ਜਾਵੇਗੀ ਅਤੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਨਤੀਜਾ ਪਤਾ ਨਹੀ ਕੀ ਹੋਵੇਗਾ ਉਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ ਪਰ ਕੀੜੀਆਂ ਦੀ ਸ਼ਾਮਤ ਜਰੂਰ ਆਉਣ ਵਾਲੀ ਹੈ। ਉੜੀਸਾ ਅਤੇ ਛੱਤੀਸਗੜ੍ਹ ਦੇ ਕਬਾਇਲੀ ਇਲਾਕਿਆਂ ਵਿੱਚ ਖਾਧੀ ਜਾਣ ਵਾਲੀ ਲਾਲ ਕੀੜੀਆਂ ਦੀ ਚਟਨੀ ਨਾਲ ਛੇਤੀ ਹੀ ਕੋਵਿਡ -19 ਦੇ ਇਲਾਜ ਵਿਚ ਵਰਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਯੁਸ਼ ਮੰਤਰਾਲੇ ਜਲਦੀ ਹੀ ਕੋਰਨਾ ਵਾਇਰਸ ਦੀ ਦਵਾਈ ਦੇ ਤੌਰ 'ਤੇ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਸਕਦਾ ਹੈ। ਮਹੱਤਵਪੂਰਨ ਹੈ ਕਿ ਵੀਰਵਾਰ ਨੂੰ ਉੜੀਸਾ ਹਾਈ ਕੋਰਟ ਨੇ ਆਯੂਸ਼ ਮੰਤਰਾਲੇ ਨੂੰ ਇਸ ਮਾਮਲੇ 'ਤੇ ਫੈਸਲਾ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।
ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਉੜੀਸਾ ਹਾਈ ਕੋਰਟ ਨੇ ਆਯੂਸ਼ ਮੰਤਰਾਲੇ ਅਤੇ ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਨੂੰ ਜਲਦੀ ਹੀ ਕੋਈ ਫੈਸਲਾ ਲੈਣ ਲਈ ਕਿਹਾ ਹੈ। ਕੋਵਿਡ -19 ਦੇ ਇਲਾਜ ਵਿਚ ਲਾਲ ਕੀੜੀ ਦੀ ਚਟਣੀ ਦੀ ਵਰਤੋਂ ਦੇ ਪ੍ਰਸਤਾਵ 'ਤੇ ਅਦਾਲਤ ਨੇ ਤਿੰਨ ਮਹੀਨਿਆਂ ਵਿਚ ਫੈਸਲਾ ਮੰਗਿਆ ਹੈ। ਖ਼ਾਸ ਗੱਲ ਇਹ ਹੈ ਕਿ ਦੇਸ਼ ਦੇ ਕਈ ਰਾਜਾਂ ਵਿੱਚ ਕਬੀਲਿਆਂ ਦੇ ਲੋਕ ਬੁਖਾਰ, ਠੰਢ, ਜ਼ੁਕਾਮ, ਸਾਹ ਲੈਣ ਵਿੱਚ ਮੁਸ਼ਕਲ, ਥਕਾਵਟ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਲਾਲ ਕੀੜੀਆਂ ਦੀ ਵਰਤੋਂ ਕਰਦੇ ਹਨ।
ਇਸ ਚਟਨੀ ਵਿਚ ਖ਼ਾਸਕਰ ਲਾਲ ਕੀੜੀਆਂ ਅਤੇ ਹਰੀ ਮਿਰਚ ਹੁੰਦੀ ਹੈ। ਉੜੀਸਾ ਹਾਈ ਕੋਰਟ ਨੇ ਇਹ ਹੁਕਮ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤਾ ਹੈ। ਇਸ ਪਟੀਸ਼ਨ ਵਿਚ, ਲਾਲ ਚਟਨੀ ਦੇ ਪ੍ਰਭਾਵ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਅਦਾਲਤ ਵਿਚ ਦਖਲ ਦੇਣ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਬਰੀਪਾਡਾ ਦੇ ਇੰਜੀਨੀਅਰ ਨਯਾਧਰ ਪਧਿਆਲ ਨੇ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਪਧਿਆਲ ਨੇ ਜੂਨ ਵਿੱਚ ਵਿਸ਼ਾਣੂ ਨਾਲ ਲੜਨ ਲਈ ਚਟਨੀ ਦੀ ਵਰਤੋਂ ਬਾਰੇ ਗੱਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਸੀ।
ਪਡਿਆਲ ਅਨੁਸਾਰ, ਚਟਨੀ ਵਿੱਚ ਫਾਰਮਿਕ ਐਸਿਡ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ 12, ਜ਼ਿੰਕ ਅਤੇ ਆਇਰਨ ਹੁੰਦਾ ਹੈ। ਇਹ ਸਾਰੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਸੀ ਕਿ ਉੜੀਸਾ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਛੱਤੀਸਗੜ, ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿਚ ਲਾਲ ਕੀੜੀਆਂ ਨੂੰ ਖਾਂਦੇ ਹਨ ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਪਡਿਆਲ ਅਨੁਸਾਰ ਕਬਾਇਲੀ ਇਲਾਕਿਆਂ ਵਿਚ ਕੋਵਿਡ -19 ਦੇ ਘੱਟ ਪ੍ਰਭਾਵ ਦਾ ਇਹ ਵੀ ਇਕ ਕਾਰਨ ਹੋ ਸਕਦਾ ਹੈ।