ਨਵੀਂ ਦਿੱਲੀ : ਇਸ ਵਾਰ ਨਵੇਂ ਸਾਲ 2021 ਦਾ ਸਵਾਗਤ ਕੁਝ ਵੱਖਰੇ ਢੰਗ ਨਾਲ ਹੋਇਆ। ਸਾਲ 2021 ਦਾ ਆਗਾਜ਼ ਹੋ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਹੈ ਇਕ ਨਵਾਂ ਦਹਾਕਾ। ਕੋਰੋਨਾ ਸੰਕਟ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਾਤ ਦਾ ਕਰਫ਼ਿਊ ਅਤੇ ਨਵੇਂ ਸਾਲ ਦੇ ਸਮਾਗਮਾਂ ’ਤੇ ਪਾਬੰਦੀਆਂ ਕਾਰਨ ਜਸ਼ਨ ਪਰਵਾਨ ਨਹੀਂ ਚੜ੍ਹ ਸਕਿਆ। ਲੋਕਾਂ ਨੂੰ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਨਿਸ਼ਚਿਤ ਕਰਵਾਉਣ ਲਈ ਸਖ਼ਤ ਨਿਗਰਾਨੀ ਰੱਖੀ ਗਈ। ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਅਤੇ ਡਰੋਨਾਂ ਦੀ ਤਾਇਨਾਤੀ ਰਹੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐੱਮ ਵੈਂਕਇਆ ਨਾਇਡੂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕੋਰੋਨਾ ਸੰਕਟ ਕਾਲ ’ਚ ਇਕਜੁਟ ਹੋ ਕੇ ਅੱਗੇ ਵਧਣ ਦੀ ਅਪੀਲ ਕੀਤੀ ਹੈ। ਰਾਜਧਾਨੀ ਦਿੱਲੀ ’ਚ ਕਰਫ਼ਿਊ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਸੰਕਟ ਨੂੰ ਵੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦੋ ਦਿਨਾਂ ਲਈ ਰਾਤ ਦਾ ਕਰਫ਼ਿਊ ਲਾ ਦਿੱਤਾ। ਇਹ ਆਦੇਸ਼ 31 ਦਸੰਬਰ ਅਤੇ ਇਕ ਜਨਵਰੀ ਨੂੰ ਰਾਤ 11 ਵਜੇ ਤੋਂ ਸਵੇਰੇ ਛੇ ਵਜੇ ਤਕ ਲਾਗੂ ਹੈ।
ਉਂਝ ਤਾਂ ਹਰ ਨਵੀਂ ਸ਼ੁਰੂਆਤ ਬੇਹੱਦ ਖਾਸ ਹੁੰਦੀ ਹੈ ਪਰ ਪਹਿਲੀ ਜਨਵਰੀ, 2021 ਦੀ ਸਵੇਰ ਕਈ ਉਮੀਦਾਂ ਦੇ ਨਾਲ ਹੋਈ ਹੈ। ਪਿਛਲੇ ਸਾਲ ਪੂਰੀ ਦੁਨੀਆ ਨੇ ਇਕੱਠੇ ਇਤਿਹਾਸ ਦੀ ਸਭ ਤੋਂ ਵੱਡੀ ਆਫਤਾਂ ਵਿਚੋਂ ਇਕ ਦਾ ਸਾਹਮਣਾ ਕੀਤਾ। ਨਵੇਂ ਸਾਲ ਦੀ ਸਵੇਰ ਨਾਲ ਹੀ ਲੋਕਾਂ ਨੇ ਉਮੀਦ ਨਾਲ ਇਸ ਦਾ ਸਵਾਗਤ ਕੀਤਾ। ਜਿਵੇਂ ਹੀ ਘੜੀ ਦੀਆਂ ਸੂਈਆਂ 12 'ਤੇ ਮਿਲੀਆਂ, ਕਿਤੇ ਆਸਮਾਨ ਵਿਚ ਆਤਸ਼ਬਾਜ਼ੀ ਦੇ ਨਜ਼ਾਰੇ ਦਿਖੇ, ਤਾਂ ਕਿਤੇ ਲੋਕਾਂ ਨੇ ਗਲੇ ਲਗਾ ਕੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।