ਇਸਲਾਮਾਬਾਦ : ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਚੀਨ ਦੇ ਨਾਗਰਿਕਾਂ 'ਤੇ ਜਾਨਲੇਵਾ ਹਮਲਾ ਹੋਇਆ। ਗਵਾਦਰ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਅਧੀਨ ਬਣਾਏ ਜਾ ਰਹੇ ਚੀਨੀ ਜਲ ਸੈਨਾ ਬੇਸ ਅਤੇ ਡੀਪ ਸਾਗਰ ਪੋਰਟ ਦਾ ਵਿਰੋਧ ਕਰਨ ਵਾਲੇ ਬਲੂਚ ਬਾਗ਼ੀ ਹੁਣ ਸ਼ਹਿਰਾਂ ਵਿਚ ਵੀ ਚੀਨੀ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇੰਨਾ ਹੀ ਨਹੀਂ, ਹਾਲ ਹੀ ਵਿਚ ਬਲੋਚਿਸਤਾਨ ਵਿਚ ਬਲੋਚ ਵਿਦਰੋਹੀਆਂ ਦੁਆਰਾ ਪਾਕਿਸਤਾਨ ਦੇ 7 ਜਵਾਨ ਮਾਰੇ ਗਏ ਸਨ। ਇਨ੍ਹਾਂ ਘਟਨਾਵਾਂ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਬਲੂਚਾਂ ਦੇ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ, ਇਮਰਾਨ ਹੁਣ ਕੰਡਿਆਲੀ ਤਾਰ ਦੀ ਕੰਧ ਰਾਹੀਂ ਗਵਾਦਰ ਨੂੰ ਸੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ ਬਲੂਚ ਦੇ ਬਾਗ਼ੀਆਂ ਨੇ ਆਪਣੀ ਚਾਲ ਬਦਲ ਦਿੱਤੀ ਹੈ। ਹੁਣ ਉਨ੍ਹਾਂ ਨੇ ਬੈਲਟ ਐਂਡ ਰੋਡ ਪ੍ਰਾਜੈਕਟ, ਚੀਨੀ ਨਿਵੇਸ਼ ਅਤੇ ਸ਼ਹਿਰੀ ਖੇਤਰਾਂ ਵਿਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਮੰਗਲਵਾਰ ਨੂੰ ਕਰਾਚੀ ਦੇ ਬਾਹਰੀ ਹਿੱਸੇ 'ਤੇ ਇਕ ਕਾਰ ਦੇ ਸ਼ੋਅਰੂਮ ਵਿਚ ਇਕ ਚੀਨੀ ਨਾਗਰਿਕ ਅਤੇ ਉਸ ਦੇ ਸਾਥੀ' ਤੇ ਹਮਲਾ ਕੀਤਾ ਗਿਆ। ਉਹ ਹਮਲੇ ਵਿੱਚ ਵਾਲ-ਵਾਲ ਬਚ ਗਏ। ਇਕ ਹਫ਼ਤਾ ਪਹਿਲਾਂ, ਇਕ ਹੋਰ ਚੀਨੀ ਨਾਗਰਿਕ ਦੀ ਕਾਰ ਕਰਾਚੀ ਦੇ ਪਾਸ਼ ਕਲਿਫਟਨ ਖੇਤਰ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਉਡਾ ਦਿੱਤੀ ਗਈ ਸੀ। ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਸਿੰਧੂਦੇਸ਼ ਇਨਕਲਾਬੀ ਫੌਜ ਨੇ ਲਈ ਸੀ।