ਕਰਾਚੀ :ਪਾਕਿਸਤਾਨ ਦੀ ਸਿੰਧ ਹਾਈ ਕੋਰਟ ਨੇ ਵੀਰਵਾਰ ਨੂੰ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾ ਅਤੇ ਕਤਲ ਕੇਸ ਦੇ ਦੋਸ਼ੀ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ, ਫਹਿਦ ਨਸੀਮ, ਸ਼ੇਖ ਆਦਿਲ ਅਤੇ ਸਲਮਾਨ ਸਾਕਿਬ ਦੀ ਰਿਹਾਈ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਸਾਰਿਆਂ ਨੂੰ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਨੂੰ ਅਗਵਾ ਅਤੇ ਕਤਲ ਮਾਮਲੇ ’ਚ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਗਈ ਸੀ। ਜਸਟਿਸ ਕੇ.ਕੇ ਆਗਾ ਦੀ ਪ੍ਰਧਾਨਗੀ ਵਾਲੀ ਸਿੰਧ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸੁਰਖਿਆ ਏਜੰਸੀਆਂ ਨੂੰ ਨਿਰਦੇਸ਼ ਦਿਤਾ ਕਿ ਸ਼ੇਖ਼ ਅਤੇ ਹੋਰ ਦੋਸ਼ੀਆਂ ਨੂੰ ‘‘ਕਿਸੇ ਵੀ ਤਰ੍ਹਾਂ ਨਾਲ ਹਿਰਾਸਤ’’ ਵਿਚ ਨਾ ਰਖਿਆ ਜਾਵੇ ਅਤੇ ਉਨ੍ਹਾਂ ਦੀ ਹਿਰਾਸਤ ਨਾਲ ਜੁੜੀ ਸਿੰਧ ਸਰਕਾਰ ਦੀ ਸਾਰੀਆਂ ਨੋਟੀਫ਼ਿਕੇਸ਼ਨਾਂ ਨੂੰ ‘‘ ਗ਼ੈਰ ਕਾਨੂੰਨੀ ’’ ਕਰਾਰ ਦਿਤਾ। ਅਦਾਲਤ ਨੇ ਕਿਹਾ ਕਿ ਚਾਰਾਂ ਦੀ ਹਿਰਾਸਤ ‘‘ਗ਼ੈਰ ਕਾਨੂੰਨੀ’’ ਹੈ। ਸਿੰਧ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਅਪ੍ਰੈਲ ’ਚ 46 ਸਾਲਾ ਸ਼ੇਖ਼ ਦੀ ਮੌਤ ਦੀ ਸਜ਼ਾ ਨੂੰ ਬਦਲ ਕੇ ਸੱਤ ਸਾਲ ਦੀ ਕੈਦ ਦੀ ਸਜ਼ਾ ਕਰ ਦਿਤੀ ਸੀ। ਅਦਾਲਤ ਨੇ ਉਸ ਦੇ ਤਿੰਨ ਸਾਥੀਆਂ ਨੂੰ ਵੀ ਰਿਹਾਅ ਕਰ ਦਿਤਾ ਜੋ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਜ਼ਿਕਰਯੋਗ ਹੈ ਕਿ ‘ਦਿ ਵਾਲ ਸਟ੍ਰੀਟ ਜਰਨਲ’ ਦੇ ਦਖਣੀ ਏਸ਼ੀਆ ਦੇ 38 ਸਾਲਾ ਬਿਊਰੋ ਪ੍ਰਮੁੱਖ ਡੈਨੀਅਲ ਪਰਲ ਨੂੰ ਪਾਕਿਸਤਾਨ ’ਚ 2002 ਵਿਚ ਅਗਵਾ ਕਰਨ ਤੋਂ ਬਾਅਦ ਉਸਦਾ ਕਤਲ ਕਰ ਦਿਤਾ ਗਿਆ ਸੀ। ਉਸ ਸਮੇਂ ਪਰਲ ਦੇਸ਼ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈਐਸਆਈ ਅਤੇ ਅਲਕਾਇਦਾ ਦਰਮਿਆਨ ਸੰਬੰਧਾਂ ਨੂੰ ਲੈ ਕੇ ਇਕ ਖ਼ਬਰ ’ਤੇ ਕੰਮ ਕਰ ਰਹੇ ਸਨ।
ਉੱਧਰ, ਅਮਰੀਕਾ ਨੇ ਪਾਕਿਸਤਾਨੀ ਅਦਾਲਤ ਦੇ ਇਸ ਫੈਸਲੇ ਤੇ ਤਿੱਖਾ ਇਤਰਾਜ ਜਤਾਇਆ ਹੈ। ਅਮਰੀਕਾ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਵਿਸ਼ੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਇਨ੍ਹਾਂ ਅੱਤਵਾਦੀਆਂ ਦੀ ਰਿਹਾਈ ’ਤੇ ਬਹੁਤ ਫਿਕਰਮੰਦ ਹਾਂ। ਇਨ੍ਹਾਂ ਲੋਕਾਂ ਨੇ ਇੱਕ ਅਮਰੀਕੀ ਨਾਗਰਿਕ ਅਤੇ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ। ਅਸੀਂ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ। ਪਰਲ ਦੇ ਪਰਵਾਰ ਨੂੰ ਇਨਸਾਫ ਦਿਵਾਉਣਾ ਸਾਡੀ ਜ਼ਿੰਮੇਵਾਰੀ ਹੈ।