ਬਹਿਰਾਈਚ (ਏਜੰਸੀ) : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੇ ਮਤਦਾਨ ਦੇ ਮੱਦੇਨਜ਼ਰ ਸਨਿਚਰਵਾਰ ਤੋਂ ਜ਼ਿਲ੍ਹੇ ਨਾਲ ਲਗਦੀ ਭਾਰਤ ਨੇਪਾਲ ਸਰਹੱਦ ਸੀਲ ਕਰ ਦਿਤੀ ਗਈ। ਸੋਮਵਾਰ ਸ਼ਾਮ ਮਤਦਾਨ ਖ਼ਤਮ ਹੋਣ ਤੋਂ ਬਾਅਦ ਆਵਾਜਾਈ ਬਹਾਲ ਹੋਵੇਗੀ।
ਪੁਲਿਸ ਅਧਿਕਾਰੀ ਗੌਰਵ ਗਰੋਵਰ ਨੇ ਦਸਿਆ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਪੂਰਾ ਕਰਵਾਉਣ ਲਈ ਪਿਛਲੇ ਦਿਨੀਂ ਦੋਹਾਂ ਦੇਸ਼ਾਂ ਦੇ ਸਰਹੱਦੀ ਅਫ਼ਸਰਾਂ ਦੀ ਸਾਂਝੀ ਬੈਠਕ ਵਿਚ ਮਤਦਾਨ ਤੋਂ 48 ਘੰਟੇ ਪਹਿਲਾਂ ਸਰਹੱਦ ਬੰਦ ਕਰਨ ਦੀ ਸਹਿਮਤੀ ਬਣੀ ਸੀ। ਇਸ ਸਬੰਧੀ ਵੀਰਵਾਰ ਨੂੰ ਰੂਪਈਡੀਹਾ ਥਾਣੇ 'ਚ ਬਹਿਰਾਈਚ ਅਤੇ ਨੇਪਾਲ ਦੇ ਪੁਲਿਸ ਅਧਿਕਾਰੀਆਂ ਵਲੋਂ ਹੋਈ ਬੈਠਕ ਵਿਚ ਮਤਦਾਨ ਦੌਰਾਨ ਫ਼ੈਸਲੇ ਦੀ ਸਮੀਖਿਆ ਕੀਤੀ ਗਈ।
ਬੈਠਕ ਵਿਚ ਫ਼ੈਸਲਾ ਕੀਤਾ ਗਿਆ ਕਿ ਸਰਹੱਦ ਬੰਦੀ ਦੌਰਾਨ ਗੰਭੀਰ ਮਰੀਜ਼ਾਂ ਅਤੇ ਜ਼ਰੂਰੀ ਚੀਜ਼ਾਂ ਨੂੰ ਤਸੱਲੀਬਖ਼ਸ਼ ਤਲਾਸ਼ੀ ਤੋਂ ਬਾਅਦ ਆਉਣ ਜਾਣ ਦੀ ਮਨਜ਼ੂਰੀ ਦਿਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਲਈ ਤੈਨਾਤ ਸ਼ਸਤਰ ਸੀਮਾ ਬਲ ਅਤੇ ਪੁਲਿਸ ਸਰਹੱਦ ਪਾਰ ਕਰਨ ਵਾਲਿਆਂ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
ਅੰਤਰ ਰਾਸ਼ਟਰੀ ਸਰਹੱਦ ਨੂੰ ਜੋੜਨ ਵਾਲੇ ਸਾਰੇ ਕੱਚੇ, ਪੱਕੇ ਰਸਤੇ , ਪਗਡੰਡਈਆਂ, ਨਦੀ ਅਤੇ ਨਾਲਿਆਂ ਦੀ ਨਿਗਰਾਨੀ ਲਈ ਸੁਰਖਿਆ ਬਲ ਤੈਨਾਤ ਕੀਤੇ ਗਏ ਹਨ। ਜਲ ਮਾਰਗ ਦੀ ਨਿਗਰਾਨੀ ਲਈ ਐਸਐਸਬੀ ਦੀ ਕੋਸਟ ਗਾਰਡ (ਸਮੁੰਦਰੀ ਪੁਲਿਸ) ਲਗਾਈ ਗਈ ਹੈ। ਸਰਹੱਦ 'ਤੇ ਵਾਚ ਟਾਵਰ, ਸੀਸੀਟੀਵੀ ਕੈਮਰਿਆਂ ਅਤੇ ਖ਼ੋਜੀ ਕੁਤਿਆਂ ਦੀ ਸਹਾਇਤਾ ਨਾਲ ਪੂਰੀ ਚੋਕਸੀ ਵਰਤੀ ਜਾ ਰਹੀ ਹੈ। ਸਰਹੱਦ 'ਤੇ ਤੈਨਾਤ ਸਾਰੀਆਂ ਸੁਰਖਿਆ ਅਤੇ ਖ਼ੂਫ਼ੀਆਂ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ।
ਐਸਪੀ ਨੇ ਦਸਿਆ ਕਿ ਨੇਪਾਲ ਦੇ ਅਧਿਕਾਰੀਆਂ ਨੇ ਪੂਰੇ ਸਹਿਯੋਗ ਦਾ ਵਿਸ਼ਵਾਸ ਦਵਾਇਆ ਹੈ। ਉਨ੍ਹਾਂ ਕਿਹਾ ਕਿ ਮਤਦਾਨ ਦੇ ਦਿਨ ਭਾਰਤੀ ਇਲਾਕੇ ਵਿਚ ਤਾਂ ਪਾਬੰਦੀ ਰਹਿੰਦੀ ਹੀ ਹੈ ਪਰ ਨੇਪਾਲ ਦੇ ਬਾਜ਼ਾਰ ਖੁਲੇ ਰਹਿੰਦੇ ਹਨ। ਸਹਿਮਤੀ ਬਣੀ ਹੈ ਕਿ ਚੋਣਾਂ ਵਾਲੇ ਦਿਨ ਸੀਮਾ ਨਾਲ ਲੱਗਦੇ ਨੇਪਾਲੀ ਇਲਾਕੇ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਖੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਭਾਰਤ ਦੀ 1751 ਕਿਲੋਮੀਟਰ ਅਤੇ ਯੂਪੀ ਦੀ ਕਰੀਬ 550 ਕਿਲੋਮੀਟਰ ਲੰਮੀ ਸਰਹੱਦ ਨੇਪਾਲ ਨਾਲ ਲਗਦੀ ਹੈ। ਯੂਪੀ ਦੇ ਬਹਿਰਾਈਚ, ਸ਼੍ਰਾਵਸਤੀ, ਬਲਰਾਮਪੁਰ, ਲਖੀਮਪੁਰ, ਪੀਲੀਭੀਤ, ਮਹਾਰਾਜਗੰਜ, ਸਿਧਾਰਥਨਗਰ ਆਦਿ ਜ਼ਿਲ੍ਹੇ ਨੇਪਾਲ ਨਾਲ ਲੱਗਦੇ ਹਨ। ਬਹਿਰਾਈਚ 'ਚ ਆਉਣ ਵਾਲੀ 6 ਮਈ ਅਤੇ ਬਲਰਾਮਪੁਰ ਅਤੇ ਸ਼੍ਰਾਪਸਤੀ ਵਿਚ 12 ਮਈ ਨੂੰ ਚੋਣਾਂ ਹੋਣਗੀਆਂ।