ਨਵੀਂ ਦਿੱਲੀ : ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਦੋਂ ਤੋਂ ਹੀ ਦਿੱਲੀ ਵਿਚ 10 ਤੋਂ ਵੱਧ ਵਾਰ ਭੂਚਾਲ ਆ ਚੁੱਕਿਆ ਹੈ ਅਤੇ ਉਨ੍ਹਾਂ ਦਾ ਕੇਂਦਰ ਵੀ ਐਨਸੀਆਰ ਦੇ ਆਸ ਪਾਸ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਦਸ ਦਿਨਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਭੂਚਾਲ ਨਾਲ ਦਿੱਲੀ ਹਿੱਲੀ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.3 ਸੀ।
ਇਸ ਤੋਂ ਪਹਿਲਾਂ 17 ਦਸੰਬਰ ਨੂੰ ਰਾਜਸਥਾਨ ਦੇ ਅਲਵਰ ਵਿੱਚ 4.2 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸ ਦੇ ਝਟਕੇ ਦਿੱਲੀ-ਐਨਸੀਆਰ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਮਹੀਨੇ ਦੇ ਸ਼ੁਰੂ ਵਿਚ, ਦਿੱਲੀ-ਐਨਸੀਆਰ ਵਿਚ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਗਾਜ਼ੀਆਬਾਦ ਸੀ। 2 ਦਸੰਬਰ ਨੂੰ ਅਲਸੂਬਾ ਦਿੱਲੀ-ਐਨਸੀਆਰ ਵਿੱਚ 2.7 ਦੀ ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵਿਗਿਆਨੀਆਂ ਨੇ ਹਿਮਾਲਿਆ ਵਿੱਚ ਇੱਕ ਵੱਡੇ ਭੂਚਾਲ ਦੀ ਭਵਿੱਖਵਾਣੀ ਕੀਤੀ ਸੀ ਅਤੇ ਕਿਹਾ ਸੀ ਕਿ ਹਿਮਾਲਿਆ ਸੀਮਾ ਵਿੱਚ ਭੁਚਾਲਾਂ ਦੀ ਲੜੀ ਨਾਲ ਕਿਸੇ ਵੀ ਸਮੇਂ ਵੱਡਾ ਭੁਚਾਲ ਆ ਸਕਦਾ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ ਅੱਠ ਜਾਂ ਵਧੇਰੇ ਹੋ ਸਕਦੀ ਹੈ।