ਸ੍ਰੀਨਗਰ, (ਏਜੰਸੀ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਸਥਿਤ ਇਮਾਮ ਸਾਹਿਬ ਇਲਾਕੇ 'ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਫ਼ੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਨਕਾਊਂਟਰ 'ਚ ਹਿਜ਼ਬੁਲ ਮੁਜਾਹੀਦੀਨ ਦੇ ਅਤਿਵਾਦੀ ਲਤੀਫ਼ ਟਾਈਗਰ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਸ਼ੁਰੂ ਹੋਏ ਮੁਕਾਬਲੇ ਵਿਚ ਲਤੀਫ਼ ਟਾਈਗਰ ਸਮੇਤ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ। ਮੁਕਾਬਲੇ 'ਚ ਮਾਰਿਆ ਗਿਆ ਲਤੀਫ਼ ਟਾਈਗਰ ਹਿਜ਼ਬੁਲ ਦਾ ਸਿਖਰਲਾ ਕਮਾਂਡਰ ਸੀ। ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋਇਆ। ਫ਼ੌਜ ਦੀ ਨਾਰਦਨ ਕਮਾਂਡ ਨੇ ਟਵੀਟ 'ਚ ਦਸਿਆ, ''ਸ਼ੋਪੀਆਂ 'ਚ ਆਪਰੇਸ਼ਨ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ ਹਨ। ਉਨ੍ਹਾਂ ਦਸਿਆ ਕਿ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ।