ਹੁਣ ਨਦੀ ਪਾਰ ਕਰ ਕੇ ਨਹੀਂ ਜਾਣਾ ਪਵੇਗਾ ਮੰਦਿਰ, ਪੁਲ ਦਾ ਰੱਖਿਆ ਨੀਂਹ ਪੱਥਰ
ਐਸ.ਏ.ਐਸ. ਨਗਰ : ਨਬਾਰਡ ਅਧੀਨ ਪ੍ਰਵਾਨਿਤ ਪਿੰਡ ਨਯਾ ਗਾਓਂ ਤੋਂ ਸਿੰਘਾ ਦੇਵੀ ਮੰਦਰ ਤੱਕ ਪਟਿਆਲਾ ਕੀ ਰਾਓ ਨਦੀ ਦੇ ਉੱਪਰ ਹਾਈ ਲੈਵਲ ਬਿ੍ਰਜ (HLB) ਦਾ ਨਿਰਮਾਣ 403.59 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ ਪ੍ਰਾਜੈਕਟ ਛੇ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐਚ.ਐਲ.ਬੀ. ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਦਿੱਤੀ। ਉਨਾਂ ਦੇ ਨਾਲ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਪੈਗ੍ਰੈਕਸੋ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਪਾਲੀ, ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਇਨਫੋਟੈਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰਾ ਸਿੰਘ ਕੰਗ ਵੀ ਮੌਜੂਦ ਸਨ।
ਇਹ ਪੁਲ (ਬ੍ਰਿਜ) ਖੁੱਡਾ ਲਾਹੌਰਾ ਨੂੰ ਕਰੋਰਾਂ ਲਿੰਕ ਸੜਕ ਤੋਂ ਸਿੰਘਾ ਦੇਵੀ ਕਲੋਨੀ / ਪਿੰਡ ਦੇ ਉੱਪਰ ਦੀ ਹੁੰਦਾ ਹੋਇਆ ਪਟਿਆਲੇ ਕੀ ਰਾਓ ਛੋਟੀ ਨਦੀ ਨਾਲ ਜੋੜਦਾ ਹੈ। ਸਿੰਘਾ ਦੇਵੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਪਿੰਡ ਵਿਚ ਇਕ ਇਤਿਹਾਸਕ ਸਿੰਘਾ ਦੇਵੀ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਲ ਵਿਚ ਦੋ ਵਾਰ ਹੋਣ ਵਾਲੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ। ਪਟਿਆਲਾ ਕੀ ਰਾਓ 'ਤੇ ਪੁਲ ਦੀ ਅਣਹੋਂਦ ਕਾਰਨ ਲੋਕਾਂ ਨੂੰ ਮੰਦਰ ਵਿਚ ਜਾਣ ਲਈ ਨਦੀ ਪਾਰ ਕਰਨੀ ਪੈਂਦੀ ਹੈ। ਬਰਸਾਤੀ ਮੌਸਮ ਦੌਰਾਨ ਮੰਦਰ ਦਾ ਪਿੰਡ ਨਾਲੋਂ ਸੰਪਰਕ ਟੁੱਟ ਜਾਂਦਾ ਹੈ । HLB ਦਾ ਨਿਰਮਾਣ ਨਯਾ ਗਾਓਂ, ਸਿੰਘਾ ਦੇਵੀ ਕਲੋਨੀ ਅਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ-ਨਾਲ ਸ਼ਰਧਾਲੂਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।
ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਖੇਤਰ ਦੇ ਵਿਆਪਕ ਵਿਕਾਸ ’ਤੇ ਮੇਰਾ ਵਿਸ਼ੇਸ਼ ਧਿਆਨ ਹੈ। ਉਨਾਂ ਦੱਸਿਆ ਕਿ ਸਾਰਿਆਂ ਇਲਾਕਿਆਂ ਦਾ ਯੋਜਨਾਬੱਧ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਕੋਈ ਵੀ ਥਾਂ ਵਿਕਾਸ ਤੋਂ ਵਾਂਝੀ ਨਹੀਂ ਰਹੇਗੀ। ਉਨਾਂ ਕਿਹਾ ਕਿ ਕੋਵਿਡ-19 ਫੈਲਣ ਨਾਲ ਪੈਦਾ ਹੋਈ ਵੱਡੀ ਵਿੱਤੀ ਅਤੇ ਮਨੁੱਖੀ ਸ਼ਕਤੀ ਚੁਣੌਤੀਆਂ ਦੇ ਬਾਵਜੂਦ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕੀਤੀ ਗਈ ਹੈ ਅਤੇ ਸਮੇਂ ਸਿਰ ਪੂਰਾ ਹੋਣ ਦਾ ਟੀਚਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ 19 ਕਿਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ਮਜ਼ਬੂਤੀ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਕੁਰਾਲੀ ਅਧੀਨ ਆਉਂਦੀ 11.31 ਕਿਲੋਮੀਟਰ ਲੰਮੀ ਬੂਥਗੜ ਤੋਂ ਮਾਣਕਪੁਰ ਸ਼ਰੀਫ, ਹਰੀਪੁਰ ਰੋਡ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ, ੳਸਾਰੀ/ ਮਜ਼ਬੂਤੀ ਦੇ ਕੰਮ ਜਿਸ ਤੇ ਕੁੱਲ 426.0 ਲੱਖ ਦੀ ਲਾਗਤ ਅਤੇ 24 ਲੱਖ ਦੀ ਲਾਗਤ ਨਾਲ ਨਾਬਾਰਡ ਅਧੀਨ ਆਉਂਦੀਆਂ ਨਯਾ ਗਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਦੀ ਨਵੀਂ ਉਸਾਰੀ ਅਤੇ ਮਜਬੂਤ ਕਰਨ ਦੇ ਕੰਮ ਅਤੇ ਇਸ ਦੇ ਨਾਲ ਹੀ 176.27 ਲੱਖ ਦੀ ਲਾਗਤ ਨਾਲ ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ 5 ਕਿਲੋਮੀਟਰ ਸੜਕ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬੂਥਗੜ ਤੋਂ ਹਰੀਪੁਰ ਜਾਣ ਵਾਲੀ ਸੜਕ ਨੂੰ “ਆਲ ਵੈਦਰ ਰੋਡ” ਬਣਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਸੜਕ ਐਮ.ਡੀ.ਆਰ -31 ਨੂੰ ਓ.ਡੀ.ਆਰ -14 ਨਾਲ ਜੋੜਦੀ ਹੈ ਜੋ ਚੰਡੀਗੜ੍ਹ ਤੋਂ ਰੋਪੜ ਤੱਕ ਸਭ ਤੋਂ ਛੋਟੇ ਰਸਤੇ ਵਜੋਂ ਜਾਣੀ ਜਾਂਦੀ ਹੈ। ਜਿਸ ਕਾਰਨ ਭਾਰੀ ਆਵਾਜਾਈ ਇਸ ਸੜਕ ਤੋਂ ਲੰਘਦੀ ਹੈ। ਇਸ ਲਈ ਇਸ ਸੜਕ ਨੂੰ ਚੌੜਾ ਕਰਨਾ ਅਤੇ ਮਜਬੂਤ ਕਰਨਾ ਬਹੁਤ ਲਾਭਕਾਰੀ ਹੋਵੇਗਾ।
ਨਵਾ ਗਾਓਂ ਤੋਂ ਕਾਨੇ ਕਾ ਬਾੜਾ ਤੋਂ ਟਾਂਡਾ ਕਰੋਰਾਂ ਪਿੰਜੌਰ ਰੋਡ ਜੋ ਇਕ ਅੰਤਰ-ਰਾਜੀ ਸੜਕ ਹੈ ਅਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ ਤੋਂ ਪੀ.ਜੀ.ਆਈ.ਐਮ.ਆਰ.ਚੰਡੀਗੜ੍ਹ ਆਉਣ ਵਾਲੇ ਮਰੀਜਾਂ ਲਈ ਸਾਰਟਕੱਟ ਵਜੋਂ ਕੰਮ ਕਰੇਗੀ। ਇਸ ਨੂੰ ਚੌੜਾ / ਮਜਬੂਤ ਕਰਨਾ ਅਤੇ ਨਵੀਂ ਉਸਾਰੀ ਕਰਨ ਨਾਲ ਪਿੰਜੌਰ ਤੋਂ PGI ਦੀ ਦੂਰੀ 5 ਕਿਲੋਮੀਟਰ ਘੱਟ ਜਾਵੇਗੀ ਜੋ PGI ਆਉਣ ਵਾਲੇ ਮਰੀਜਾਂ ਦੀ ਕੀਮਤੀ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ।
ਪਿੰਡ ਜੈਂਤੀ ਮਾਜਰੀ ਇਸ ਖੇਤਰ ਦਾ ਇਕ ਮਹੱਤਵਪੂਰਨ ਪਿੰਡ ਹੈ ਕਿਉਂਕਿ ਇਸ ਪਿੰਡ ਵਿਚ ਇਕ ਇਤਿਹਾਸਕ ਜੈਂਤੀ ਮਾਤਾ ਮੰਦਰ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਾਲ ਭਰ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਜੈਂਤੀ ਮਾਜਰੀ ਤੋਂ ਮੁੱਲਾਂਪੁਰ ਸਿਸਵਾਂ ਰੋਡ ਤੱਕ ਫਿਰੋਜ਼ਪੁਰ ਨਾਲ ਜੋੜਨ ਵਾਲੀ ਸੜਕ ਦੀ ਨਵੀਂ ਉਸਾਰੀ ਨਾਲ ਉਨਾਂ ਦੀ ਯਾਤਰਾ ਦੀ ਦੂਰੀ ਤਕਰੀਬਨ 3.00 ਕਿਲੋਮੀਟਰ ਘੱਟ ਜਾਵੇਗੀ। ਇਸ ਕੱਚੇ ਰਸਤੇ ਦੇ ਆਸ-ਪਾਸ ਖੇਤ ਹਨ ਅਤੇ ਇਨਾਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਇਸ ਸੜਕ ਦੇ ਨਿਰਮਾਣ ਨਾਲ ਭਾਰੀ ਲਾਭ ਹੋਏਗਾ ਕਿਉਂਕਿ ਉਹ ਆਪਣੀ ਜਿਣਸ ਨੂੰ ਇਸ ਪ੍ਰਸਤਾਵਿਤ ਸੜਕ ਰਾਹੀਂ ਆਸਾਨੀ ਨਾਲ ਕੁਰਾਲੀ ਅਤੇ ਚੰਡੀਗੜ੍ਹ ਲਿਜਾ ਸਕਣਗੇ। ਫਿਲਹਾਲ ਫਿਰੋਜ਼ਪੁਰ ਪਿੰਡ ਨੂੰ ਜੈਂਤੀ ਮਾਜਰੀ ਪਿੰਡ ਨਾਲ ਜੋੜਨ ਵਾਲੀ ਕੋਈ ਪੱਕੀ ਸੜਕ ਨਹੀਂ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਇਸ ਲਿੰਕ ਦੇ ਨਿਰਮਾਣ ਨਾਲ ਇਨਾਂ ਦੋਵਾਂ ਪਿੰਡਾਂ ਦੇ ਵਸਨੀਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਯਾਤਰਾ ਕਰਨ ਦਾ ਸਮਾਂ ਕਾਫੀ ਘੱਟ ਜਾਵੇਗਾ।