ਕੋਲਕਾਤਾ : ਭਾਜਪਾ ਸੰਸਦ ਮੈਂਬਰ ਸੌਮਿਤਰਾ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਪਾਰਟੀ ਨੂੰ ਛੱਡ ਕੇ ਸੋਮਵਾਰ ਨੂੰ ਤਿ੍ਰਣਮੂਲ ਕਾਂਗਰਸ (TMC) ਵਿਚ ਸ਼ਾਮਲ ਹੋ ਗਈ ਜਿਸ ਤੋਂ ਉਨ੍ਹਾਂ ਦੇ ਪਤੀ ਖਫਾ ਹੋ ਗਏ ਹਨ। ਦੱਸ ਦਈਏ ਕਿ ਸੌਮਿਤਰਾ ਖ਼ਾਨ ਨੇ ਦੱਸਿਆ ਕਿ ਉਹ ਅਪਣੀ ਪਤਨੀ ਸੁਜਾਤਾ ਮੰਡਲ ਨੂੰ ਪਾਰਟੀ ਛੱਡਣ 'ਤੇ ਤਲਾਕ ਦਾ ਨੋਟਿਸ ਭੇਜ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਖਾਨ ਦਾ ਉਪਨਾਮ ਵਰਤਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਸੁਜਾਤਾ ਮੰਡਲ ਖ਼ਾਨ ਦਾ ਦਾਅਵਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਪਣੇ ਪਤੀ ਨੂੰ ਜਿਤਾਉਣ ਲਈ ਕਈ ਜੋਖ਼ਮ ਉਠਾਉਣ ਦੇ ਬਾਵਜੂਦ, ਉਸ ਨੂੰ ਸਹੀ ਪਛਾਣ ਨਹੀਂ ਮਿਲੀ। ਦੱਸਣਯੋਗ ਹੈ ਕਿ ਇੱਕ ਪ੍ਰੈਸ ਕਾਨਫ਼ਰੰਸ ਵਿਚ ਸੁਜਾਤਾ ਮੰਡਲ ਨੇ ਦੋਸ਼ ਲਾਇਆ ਕਿ ਭਾਜਪਾ ਵਿਚ ‘ਨਵੇਂ ਸ਼ਾਮਲ ਹੋਏ, ਬੇਮੇਲ ਅਤੇ ਭ੍ਰਿਸ਼ਟ ਆਗੂਆਂ’ ਨੂੰ ਵਫ਼ਾਦਾਰਾਂ ਨਾਲੋਂ ਵਧੇਰੇ ਅਹਿਮੀਅਤ ਮਿਲ ਰਹੀ ਹੈ।
ਟੀਐਮਸੀ ਦੇ ਸੰਸਦ ਮੈਂਬਰ ਸੌਗਾਤ ਰਾਏ ਅਤੇ ਪਾਰਟੀ ਦੀ ਬੁਲਾਰੇ ਕੁਣਾਲ ਘੋਸ਼ ਦੀ ਹਾਜ਼ਰੀ ਵਿਚ TMC ਵਿਚ ਸ਼ਾਮਲ ਹੋਣ ਤੋਂ ਬਾਅਦ ਸੁਜਾਤਾ ਮੰਡਲ ਨੇ ਕਿਹਾ, ''ਪਤੀ ਨੂੰ ਸੰਸਦ ਵਿਚ ਚੁਣਨ ਲਈ ਸਰੀਰਕ ਹਮਲੇ ਝੱਲਣ ਸਣੇ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਦਲੇ ਵਿਚ ਕੁਝ ਨਹੀਂ ਮਿਲਿਆ। ਮੈਂ ਸਾਡੇ ਪਿਆਰੇ ਨੇਤਾ ਮਮਤਾ ਬੈਨਰਜੀ ਅਤੇ ਸਾਡੇ ਦਾਦਾ ਅਭਿਸ਼ੇਕ ਬੈਨਰਜੀ ਦੇ ਅਧੀਨ ਕੰਮ ਕਰਨਾ ਚਾਹੁੰਦੀ ਹਾਂ।''
ਦੱਸ ਦਈਏ ਕਿ ਸੌਮਿਤਰਾ ਪੱਛਮੀ ਬੰਗਾਲ ਦੀ ਬਿਸ਼ੁਨਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਟਿਕਟ ’ਤੇ ਸੰਸਦ ਮੈਂਬਰ ਹਨ। TMC ਦੀ ਮੈਂਬਰਸ਼ਿਪ ਲੈਂਦਿਆਂ ਸੁਜਾਤਾ ਨੇ ਕਿਹਾ ਕਿ ਮੈਨੂੰ ਭਾਜਪਾ ’ਚ ਕਦੇ ਸਨਮਾਨ ਨਹੀਂ ਮਿਲਿਆ। ਜੇਕਰ ਗੱਲ ਪ੍ਰਸਿੱਧੀ ਦੀ ਆਏ ਤਾਂ ਮਮਤਾ ਬੈਨਰਜੀ ਦਾ ਕੋਈ ਮੁਕਾਬਲਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਅਤੇ ਸੌਮਿਤਰ ਖ਼ਾਨ ਵਿਚਕਾਰ ਬੀਤੇ ਦਿਨੀਂ ਕੁਝ ਬਹਿਸ ਵੀ ਹੋਈ ਸੀ।