Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁਹਾਲੀ-ਡੇਰਾਬਸੀ : ਟੁੱਟੀਆਂ ਸੜਕਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

December 21, 2020 08:26 PM

ਕਾਰਜਕਾਲ ਪੂਰਾ ਹੋਣ ‘ਤੇ ਵਾਰਡ ਬਦਲਣ ਨਾਲ ਕੌਂਸਲਰਾਂ ਨੇ ਬਣਾਈ ਜਨਤਾ ਤੋਂ ਦੂਰੀ

ਮੁਹਾਲੀ : ਡੇਰਾਬਸੀ ਸ਼ਹਿਰ ਦੀਆਂ ਬਦਹਾਲ ਸੜਕਾਂ ਜਿੱਥੇ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਣ ਬਣ ਰਹੀਆਂ ਹਨ ਉਥੇ ਹੀ ਨਗਰ ਕੌਂਸਲ 'ਚ ਸ਼ਹਿਰ ਵਾਸੀਆਂ ਦੀ ਸੁਣਨ ਵਾਲਾ ਕੋਈ ਨਹੀਂ। ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਬਦਹਾਲ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਜਨਤਾ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਕਾਂਗਰਸੀ 'ਤੇ ਅਕਾਲੀ ਆਪਣੀ ਨਿੱਜੀ ਲੜਾਈ ‘ਚ ਰੁੱਝੇ ਹੋਏ ਹਨ। ਸ਼ਹਿਰ ਦੀਆਂ ਸੜਕਾਂ 'ਤੇ ਜਿੱਥੇ ਰੋਜ਼ਾਨਾ 10 ਤੋਂ 15 ਹਜ਼ਾਰ ਲੋਕਾਂ ਦਾ ਆਉਣ ਜਾਣ ਹੁੰਦਾ ਹੈ ਉਥੇ ਹੀ ਇਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਇੰਤਜਾਰ ਹੈ ਕਿ ਕਦ ਨਵਾਂ ਕੌਂਸਲਰ ਚੁਣਿਆ ਜਾਵੇ ‘ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਚੌਧਰੀ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਕੌਂਸਲ ਦਫਤਰ ਦੇ ਅੱਗੇ ਸਥਿਤ ਬੱਸ ਅੱਡੇ 'ਚ ਥਾਂ-ਥਾਂ ਸੜਕਾਂ ਟੁੱਟੀਆਂ ਹੋਈਆਂ ਹਨ। ਬੱਸ ਅੱਡੇ ਦੇ ਨਜ਼ਦੀਕ ਸ਼ਾਮ ਦੇ ਸਮੇਂ ਲੱਗਣ ਵਾਲੇ ਫੂਡ ਕੋਰਟ ਦੇ ਅੱਗੇ ਸੜਕ ਖਰਾਬ ਹੋਣ ਕਾਰਨ ਦੋਪਹੀਆ ਵਾਹਨ ਅਕਸਰ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਡੇਰਾਬਸੀ ‘ਚ ਸਰਕਾਰੀ ਕਾਲਜ ਰੋਡ, ਤਹਿਸੀਲ ਰੋਡ, ਬਰਵਾਲਾ ਰੋਡ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਚੌਧਰੀ ਨੇ ਦੱਸਿਆ ਕਿ ਕਾਲਜ ਰੋਡ ਸਥਿਤ ਸ਼ਕਤੀ ਨਗਰ, ਕਾਲਜ ਕਾਲੋਨੀ, ਬਾਲਾਜੀ ਨਗਰ ਸਮੇਤ ਅੱਧਾ ਦਰਜਨ ਕਾਲੋਨੀਆਂ ਹਨ ਅਤੇ ਇਹ ਸੜਕ ਦੰਦਰਾਲਾ, ਮੁਕੰਦਪਰ, ਮਿਆਂਪੁਰ, ਬਿਜਨਪੁਰ, ਖੇੜੀ ਗੁੱਜਰਾ ਸਮੇਤ ਕਰੀਬ ਇੱਕ ਦਰਜਨ ਪਿੰਡਾਂ ਨੂੰ ਜੋੜਦੀ ਹੈ। ਇਸੇ ਤਰ੍ਹਾਂ ਤਹਿਸੀਲ ਰੋਡ ‘ਤੇ ਰੋਜ਼ਾਨਾ ਸਾਰੇ ਅਧਿਕਾਰੀ ‘ਤੇ ਸਟਾਫ ਸਣੇ ਚੰਡਿਆਣਾ, ਧਨੋਨੀ, ਕਾਰਕੋਰ, ਬਰੌਲੀ, ਡੇਰਾ ਜਗਾਧਰੀ ਆਦਿ ਦੇ ਲੋਕ ਇੱਥੋਂ ਨਿਕਲਦੇ ਹਨ। ਇਸਦੇ ਬਾਵਜੂਦ ਇਹਨਾਂ ਸੜਕਾਂ ਦੀ ਹਾਲਤ ਤਰਸਯੋਗ ਹੈ। ਇੱਥੇ ਹਰ ਦਿਨ ਟੁੱਟੀਆਂ ਸੜਕਾਂ ‘ਤੇ ਨਾ ਸਿਰਫ ਹਾਦਸੇ ਹੋ ਰਹੇ ਹਨ ਬਲਕਿ ਵਾਹਨ ਚਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਸੁਖਦੇਵ ਚੌਧਰੀ ਦੇ ਅਨੁਸਾਰ ਨਵੀਂ ਵਾਰਡਬੰਦੀ ਲਾਗੂ ਹੋਣ ਨਾਲ ਆਮ ਜਨਤਾ ਵਧੇਰੇ ਪ੍ਰੇਸ਼ਾਨ ਹੋ ਰਹੀ ਹੈ। ਵਾਰਡ ਬਦਲਣ ਦੇ ਕਾਰਨ ਪੁਰਾਣੇ ਕੌਂਸਲਰਾਂ ਨੇ ਲੋਕਾਂ ਦੀ ਸੁਣਵਾਈ ਕਰਨੀ ਬੰਦ ਕਰ ਦਿੱਤੀ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀ ਚੋਣਾਂ ਕਾਰਨ ਬੇਲਗਾਮ ਹਨ। ਖੁਦ ਨੂੰ ਡੇਰਾਬਸੀ ਦੇ ਨੁਮਾਇੰਦੇ ਕਹਿਣ ਵਾਲੇ ਕਾਂਗਰਸੀ ਜਨਤਾ ਦੀਆਂ ਅਸਲ ਸਮੱਸਿਆਵਾਂ ਦੀ ਅਣਦੇਖੀ ਕਰਦੇ ਹੋਏ ਆਪਣੀ ਰਾਜਨੀਤਿਕ ਗੋਟੀਆਂ ਫਿੱਟ ਕਰਨ ‘ਚ ਜੁਟੇ ਹੋਏ ਹਨ।
ਬਾਕਸ-
ਗਟਰ ਹੋਏ ਓਵਰਫਲੋ, ਸਟਰੀਟ ਲਾਈਟਾਂ ਪਈਆਂ ਬੰਦ ਪਰ ਸੁਣਨ ਵਾਲਾ ਕੋਈ ਨਹੀਂ
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਡੇਰਾਬਸੀ ‘ਚ ਆਦਰਸ਼ ਨਗਰ, ਸ਼ਕਤੀ ਨਗਰ, ਕਾਲਜ ਕਾਲੋਨੀ, ਸਾਧੂ ਨਗਰ ਆਦਿ ਦਾ ਦੌਰਾ ਕਰਨ ‘ਤੇ ਦੇਖਿਆ ਕਿ ਇੱਥੇ ਗਟਰ ਓਵਰਫਲੋ ਹੋ ਰਹੇ ਹਨ ‘ਤੇ ਸੜਕਾ ‘ਤੇ ਪਾਣੀ ਹੈ। ਸੀਵਰੇਜ ਦੇ ਖੁਲ੍ਹੇ ਮੇਨਹਾਲ ਹਾਦਸਿਆਂ ਨੂੰ ਸੱਦਾ ਰਹੇ ਹਨ। ਬਾਹਰੀ ਕਾਲੋਨੀਆਂ ‘ਚ ਜ਼ਿਆਦਾਤਰ ਸਟਰੀਟ ਲਾਈਟਾਂ ਬੰਦ ਪਈਆਂ ਹਨ ਪਰ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ।

 

Have something to say? Post your comment

Subscribe