ਮਿਆਮੀ (ਅਮਰੀਕਾ), (ਏਜੰਸੀ) : ਫ਼ਲੋਰਿਡਾ ਦੀ ਪ੍ਰਤੀਨਿਧ ਸਭਾ ਨੇ ਇਕ ਵਿਵਾਦਤ ਕਦਮ ਚੁਕਦੇ ਹੋਏ ਇਕ ਬਿਲ ਪਾਸ ਕਰ ਕੇ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦੇ ਦਿਤੀ ਹੈ। ਇਸ ਬਿਲ ਨੂੰ ਪਹਿਲਾਂ ਸੂਬੇ ਦੀ ਸੈਨੇਟ ਨੇ ਮਨਜ਼ੂਰੀ ਦਿਤੀ ਸੀ ਅਤੇ ਹੁਣ ਇਹ ਰਿਪਬਲਿਕਨ ਗਵਰਨਰ ਰੋਨ ਡਿਸਾਂਟਿਸ ਕੋਲ ਜਾਵੇਗਾ। ਇਸ ਕਦਮ ਦਾ ਅਸਲ ਮਕਸਦ ਸਕੂਲ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣਾ ਹੈ ਹਾਲਾਂਕਿ ਇਹ ਸਾਬਤ ਨਹੀਂ ਹੋਇਆ ਹੈ ਕਿ ਇਹ ਕਦਮ ਕਿੰਨਾ ਅਸਰਦਾਰ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਫ਼ਲੋਰਿਡਾ ਦੇ ਪਾਰਕਲੈਂਡ ਵਿਚ ਪਿਛਲੇ ਸਾਲ ਫ਼ਰਵਰੀ ਵਿਚ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਬਿਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਮਨਜ਼ੂਰੀ ਮਿਲਣ ਨਾਲ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਦੌਰਾਨ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਮਿਲ ਸਕਤੀ ਹੈ ਪਰ ਇਸ ਦੇ ਵਿਰੋਧੀਆਂ ਦਾ ਤਰਕ ਹੈ ਕਿ ਇਸ ਕਦਮ ਨਾਲ ਗੋਲੀਬਾਰੀ ਦੀ ਘਟਨਾ ਦੌਰਾਨ ਹਾਲਾਤ ਹੋਰ ਜ਼ਿਆਦਾ ਗੰਭੀਰ ਹੋ ਸਕਦੇ ਹਨ।