ਉੱਤਰ ਪ੍ਰਦੇਸ਼ : ਰਾਜਧਾਨੀ ਲਖਨਊ ਵਿੱਚ ਚਿਨਹਟ ਇਲਾਕੇ ਵਿੱਚ ਪਲਾਸਟਿਕ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਦੱਸ ਦਈਏ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ , ਚਿਨਹਟ ਦੇ ਮਟਿਆਰੀ ਪਿੰਡ ਵਿੱਚ ਅਬਦੁਲ ਕਲਾਮ ਨਾਮ ਦੇ ਸ਼ਖਸ ਦਾ ਪਲਾਸਟਿਕ ਦਾ ਗੁਦਾਮ ਸੀ। ਕਈ ਸਾਲ ਤੋਂ ਟੀਨ ਸ਼ੈਡ ਦੇ ਬਣੇ ਗੁਦਾਮ ਵਿੱਚ ਕੰਮ-ਕਾਜ ਚੱਲ ਰਿਹਾ ਸੀ। ਵੀਰਵਾਰ ਦੇਰ ਰਾਤ ਨੂੰ ਗੁਦਾਮ ਵਿੱਚ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ। ਅੱਗ ਲੱਗਣ ਦੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਹਫੜਾ ਦਫ਼ੜੀ ਮੱਚ ਗਈ। ਸਥਾਨਕ ਲੋਕਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਉੱਤੇ ਪਹੁੰਚੀਆਂ।
ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਈ ਘੰਟੇ ਦੀ ਮਸ਼ੱਕਤ ਮਗਰੋਂ ਅੱਗ ਉੱਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਪਰ ਅਜੇ ਤੱਕ ਅੱਗ ਲੱਗਣ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ।