ਮੈਂ ਕਦੇ ਵੀ ਕਿਸੇ ਦੇ ਦਬਾਅ ਅੱਗੇ ਨਹੀਂ ਝੁਕਿਆ ਪਰ ਕਿਸਾਨ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿਸ ਮਨਸੂਬੇ ਤਹਿਤ ਖੇਤੀ ਕਾਨੂੰਨ ਨੋਟੀਫਾਈ ਕਰ ਦਿੱਤੇ
ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਨੂੰ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਕੀਤੇ ਮਾਣਹਾਨੀ ਕੇਸ ਵਿੱਚ ਘਿਰ ਜਾਣ ਮੌਕੇ ਡਰਦੇ ਮਾਰੇ ਭੱਜ ਜਾਣ ਅਤੇ ਮੁਆਫੀ ਮੰਗਣ ਲਈ ਬੁਜ਼ਦਿਲ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀਆਂ ਬੁਖਲਾਹਟ ਭਰੀਆਂ ਕੋਸ਼ਿਸ਼ਾਂ ਨਾਲ ਉਸ ਦੀ ਸਰਕਾਰ ਦੀਆਂ ਨਾਕਾਮੀਆਂ 'ਤੇ ਪਰਦਾ ਨਹੀਂ ਪੈ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿ ਜਾਣ ਤੋਂ ਬਾਅਦ ਹੁਣ ਕੇਜਰੀਵਾਲ ਆਪਣੀ ਸ਼ਾਖ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ ਜੋ ਨਾ ਤਾਂ ਉਸ ਨੂੰ ਕਿਸਾਨਾਂ ਦੇ ਰੋਹ ਤੋਂ ਬਚਾ ਸਕੇਗਾ ਅਤੇ ਨਾ ਹੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਸ ਦੀ ਪਾਰਟੀ ਦੀ ਡੁੱਬਦੀ ਬੇੜੀ ਨੂੰ ਬਚਾ ਸਕੇਗਾ।
ਕੇਜਰੀਵਾਲ ਵੱਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਖਿਲਾਫ ਲਾਏ ਗਏ ਝੂਠੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ''ਇਹ ਗੱਲ ਹਰੇਕ ਪੰਜਾਬੀ ਜਾਣਦਾ ਹੈ ਕਿ ਮੈਂ ਈ.ਡੀ. ਦੇ ਝੂਠੇ ਕੇਸ ਜਾਂ ਕਿਸੇ ਹੋਰ ਕੇਸਾਂ ਤੋਂ ਡਰਨ ਵਾਲਾ ਨਹੀਂ ਹਾਂ। ਪੰਜਾਬੀ ਇਹ ਵੀ ਜਾਣਦੇ ਹਨ ਕਿ ਜੇਕਰ ਕੇਜਰੀਵਾਲ ਦਾ ਮਨੋਰਥ ਪੂਰਾ ਹੁੰਦਾ ਹੋਵੇ ਤਾਂ ਉਹ ਆਪਣੀ ਆਤਮਾ ਵੀ ਵੇਚ ਦੇਵੇਗਾ।''
ਮੁੱਖ ਮੰਤਰੀ ਨੇ ਦਿੱਲੀ ਵਿਚ ਆਪਣੇ ਹਮਰੁਤਬਾ ਨੂੰ ਅਜਿਹੀ ਇੱਕ ਵੀ ਮਿਸਾਲ ਦੇਣ ਦੀ ਚੁਣੌਤੀ ਦਿੱਤੀ ਜਦੋਂ ਉਹ (ਕੈਪਟਨ ਅਮਰਿੰਦਰ ਸਿੰਘ) ਈ.ਡੀ. ਜਾਂ ਕਿਸੇ ਹੋਰ ਏਜੰਸੀ ਦੇ ਦਬਾਅ ਹੇਠ ਪਿੱਛੇ ਹਟੇ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਓਪਰੇਸ਼ਨ ਬਲਿਊ ਸਟਾਰ ਤੋਂ ਲੈ ਕੇ ਸਤਲੁਜ-ਯਮੁਨਾ ਲਿੰਕ ਨਹਿਰ ਤੱਕ ਅਤੇ ਹੁਣ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਹ ਆਪਣੇ ਲੋਕਾਂ ਨਾਲ ਹਮੇਸ਼ਾ ਹੀ ਡਟ ਕੇ ਖੜ੍ਹੇ ਜਦਕਿ ਦੂਜੇ ਪਾਸੇ ਇਸ ਦੇ ਬਿਲਕੁਲ ਉਲਟ ਕੇਜਰੀਵਾਲ ਜੋ ਮਾਣਹਾਨੀ ਦੇ ਮਾਮੂਲੀ ਜਿਹੇ ਕੇਸ ਦਾ ਸਾਹਮਣਾ ਕਰਨ ਤੋਂ ਡਰਦੇ ਮਾਰੇ ਨੂੰ ਲੇਲ੍ਹੜੀਆਂ ਕੱਢਦੇ ਹੋਏ ਪੂਰੇ ਪੰਜਾਬ ਨੇ ਦੇਖਿਆ ਸੀ ਅਤੇ ਇੱਥੇ ਹੀ ਬੱਸ ਨਹੀਂ ਮਹਾਂਮਾਰੀ ਦੇ ਦਰਮਿਆਨ ਵੀ ਮਦਦ ਲਈ ਪੂਰੀ ਦਿੱਲੀ ਨੇ ਉਸ ਨੂੰ ਕੇਂਦਰ ਅੱਗੇ ਤਰਲੇ ਲੈਂਦੇ ਦੇਖਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਕਿਵੇਂ ਕੌਮੀ ਰਾਜਧਾਨੀ ਵਿੱਚ ਕਾਲੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੇ ਹਿੱਤ ਵੇਚੇ ਗਏ ਅਤੇ ਇਹ ਘਿਨਾਉਣਾ ਕਦਮ ਵੀ ਉਸ ਵੇਲੇ ਚੁੱਕਿਆ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਕੇਂਦਰ ਸਰਕਾਰ ਨਾਲ ਗੰਢਤੁੱਪ ਜੱਗ-ਜ਼ਾਹਰ ਹੋ ਗਈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਹਰ ਕਦਮ 'ਤੇ ਝੂਠ ਬੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ, ''ਕੇਜਰੀਵਾਲ, ਤੁਸੀਂ ਇਹ ਕਿਉਂ ਕੀਤਾ? ਤੁਹਾਡੇ ਉੱਤੇ ਕੇਂਦਰ ਨੇ ਕਿਹੜਾ ਦਬਾਅ ਬਣਾਇਆ? ਜਾਂ ਫਿਰ ਇਸ ਲਈ ਕੀਤਾ ਕਿ ਜਦੋਂ ਅਗਲੀ ਵਾਰ ਤੁਹਾਡੀ ਸਰਕਾਰ ਕੋਵਿਡ ਦੇ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿ ਜਾਵੇ, ਜਿਵੇਂ ਕਿ ਦੋ ਵਾਰ ਪਹਿਲਾਂ ਵੀ ਰਹਿ ਚੁੱਕੀ ਹੈ, ਤਾਂ ਤੁਸੀਂ ਕੇਂਦਰ ਅੱਗੇ ਮੁੜ ਹਾੜੇ ਕੱਢ ਸਕੋ?
ਕਿਸਾਨੀ ਅੰਦੋਲਨ ਨੂੰ ਦੇਸ਼ ਵਿਰੋਧੀ ਆਖ ਕੇ ਕਮਜ਼ੋਰ ਕਰਨ ਦੀ ਕੁਝ ਸਵਾਰਥੀ ਹਿੱਤਾਂ ਦੀ ਸਾਜਿਸ਼ ਬਾਰੇ ਕੇਜਰੀਵਾਲ ਵੱਲੋਂ ਆਪਣੇ ਗੁੱਸੇ ਦੀ ਡੌਂਡੀ ਪਿੱਟਣ ਲਈ ਦਿੱਲੀ ਦੇ ਮੁੱਖ ਮੰਤਰੀ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਖਾਲਿਸਤਾਨੀਆਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਤੋਂ ਕਿਸੇ ਹਮਾਇਤ ਦੀ ਲੋੜ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਿਹਾ "ਜੇ ਤੁਸੀਂ ਸੋਚਦੇ ਹੋ ਕਿ ਕਿਸਾਨ ਤੁਹਾਡੀਆਂ ਨੌਟੰਕੀਆਂ ਅਤੇ ਮਗਰਮੱਛ ਦੇ ਹੰਝੂਆਂ ਦੇ ਝਾਂਸੇ ਵਿੱਚ ਆ ਜਾਣਗੇ, ਤਾਂ ਸ੍ਰੀ ਕੇਜਰੀਵਲ, ਤੁਸੀਂ ਹੁਣ ਵੀ ਉਸੇ ਤਰ੍ਹਾਂ ਹੀ ਪੂਰੀ ਤਰ੍ਹਾਂ ਗਲਤ ਹੋ, ਜਿਸ ਤਰ੍ਹਾਂ ਤੁਸੀਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦੇ ਜਿੱਤਣ ਦੀ ਉਮੀਦ ਲਾ ਕੇ ਗਲਤ ਸਾਬਤ ਹੋਏ ਸੀ।" ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਤੁਲਨਾ ਉਸ ਧੂੜ ਭਰੀ ਹਨੇਰੀ ਨਾਲ ਕੀਤੀ ਜੋ ਹਵਾ ਦੀ ਦਿਸ਼ਾ ਨੂੰ ਵੇਖਦਿਆਂ ਚਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀਆਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ, ਜਿਸ ਜ਼ਰੀਏ ਉਹ ਆਪਣੇ ਰਾਜਨੀਤਿਕ ਏਜੰਡੇ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਵਜੋਂ ਵੇਖ ਰਿਹਾ ਹੈ, ਬਿਲਕੁਲ ਵੀ ਸਫਲ ਨਹੀਂ ਹੋਣਗੀਆਂ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਅੱਗ ਨਾਲ ਖੇਡਣ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ "ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਭਾਰਤ ਦੇ ਰਾਜਨੀਤਿਕ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟ ਜਾਣ ਤੋਂ ਪਹਿਲਾਂ ਪਿੱਛੇ ਹਟ ਜਾਣਾ ਚਾਹੀਦਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਧੋਖਾ ਕਰਨ ਵਾਲਾ ਕਦੇ ਵੀ ਜਨਤਾ ਦੇ ਗੁੱਸੇ ਤੋਂ ਬਚਿਆ ਨਹੀਂ ਹੈ ਅਤੇ ਕੇਜਰੀਵਾਲ, ਜਿਸ ਨੇ ਪਹਿਲਾਂ ਹੀ ਕਿਸਾਨਾਂ ਨਾਲ ਇਕ ਤੋਂ ਵੱਧ ਵਾਰ ਧੋਖਾ ਕੀਤਾ ਹੈ, ਨੂੰ ਵੀ ਇਸਦੇ ਨਤੀਜੇ ਭੁਗਤਣੇ ਪੈਣਗੇ।