ਰਾਜਨੀਤਿਕ ਨੁਮਾਇੰਦੇ ਵੱਲੋਂ ਸ਼ੋਸ਼ਲ ਮੀਡੀਆ `ਤੇ ਪੁੱਛੇ ਸਵਾਲ ਦੇ ਜਵਾਬ ਵਿੱਚ, ਮੁੱਖ ਚੋਣ ਅਧਿਕਾਰੀ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਾ ਹੋਣ ਬਾਰੇ ਸਪੱਸ਼ਟ ਕੀਤਾ
ਚੰਡੀਗੜ੍ਹ : ਪੰਜਾਬ ਵਿਚ ਸਥਾਨਕ ਸਰਕਾਰਾਂ ਦੀਆਂ ਅਗਾਮੀ ਚੋਣਾਂ ਬਾਰੇ ਇਕ ਰਾਜਨੀਤਿਕ ਨੁਮਾਇੰਦੇ ਵੱਲੋਂ ਸ਼ੋਸ਼ਲ ਮੀਡੀਆ `ਤੇ ਪੁੱਛੇ ਇਕ ਦੇ ਸਵਾਲ ਦੇ ਜਵਾਬ ਵਿਚ ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਸਪੱਸ਼ਟ ਕੀਤਾ ਹੈ ਕਿ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਜਾਂ ਭਾਰਤੀ ਚੋਣ ਕਮਿਸ਼ਨ ਦੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕੋਈ ਭੂਮਿਕਾ ਨਹੀਂ ਹੈ ਕਿਉਂਕਿ ਇਹ ਰਾਜ ਚੋਣ ਕਮਿਸ਼ਨ ਦੇ ਦਾਇਰੇ ਵਿਚ ਆਉਂਦੀਆਂ ਹਨ, ਜੋ ਇੱਕ ਵੱਖਰੀ ਸੰਸਥਾ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦਫ਼ਤਰ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਸਦੀ ਯੋਗਤਾ ਮਿਤੀ 1 ਜਨਵਰੀ 2021 ਹੈ ਅਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ 15 ਦਸੰਬਰ ਤੱਕ ਜਾਰੀ ਰਹੇਗੀ।
ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿੰਮ ਵਾਸਤੇ, ਵੋਟਰ ਸੂਚੀ ਦੇ ਖਰੜੇ ਦੀਆਂ ਕਾਪੀਆਂ ਨਿਰੀਖਣ ਲਈ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਅਤੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਕੋਲ ਉਪਲਬਧ ਕਰਵਾਈਆਂ ਗਈਆਂ ਹਨ। ਕੋਈ ਵੀ ਵੋਟਰ ਸੂਚੀ ਦੀ ਜਾਂਚ ਲਈ ਸੀਈਓ, ਪੰਜਾਬ ਦੀ ਵੈਬਸਾਈਟ http://ceopunjab.nic.in/ `ਤੇ ਲੌਗਇਨ ਕਰ ਸਕਦਾ ਹੈੇ।
ਵੋਟਰ ਵਜੋਂ ਨਾਮ ਦਰਜ ਕਰਵਾਉਣ, ਨਾਮ ਦਰਜ ਕਰਨ ਸਬੰਧੀ ਇਤਰਾਜ਼ਾਂ, ਐਂਟਰੀਆਂ ਹਟਾਉਣ ਅਤੇ ਸੁਧਾਈ ਲਈ ਅਰਜ਼ੀਆਂ voterportal.eci.gov.in. ਰਾਹੀਂ ਆਨਲਾਈਨ ਦਾਇਰ ਕੀਤੀਆਂ ਜਾ ਸਕਦੀਆਂ ਹਨ। ਇਹ ਸੇਵਾ ਬਿਲਕੁਲ ਮੁਫਤ ਹੈ। ਵੋਟਰ ਫਾਰਮ ਪ੍ਰਾਪਤ ਕਰ ਸਕਦੇ ਹਨ ਅਤੇ ਭਰੇ ਗਏ ਫਾਰਮ ਚੋਣ ਰਜਿਸਟ੍ਰੇਸ਼ਨ ਅਫਸਰਾਂ / ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫਤਰ ਵਿਖੇ 15 ਦਸੰਬਰ ਤੱਕ ਜਮ੍ਹਾ ਕਰਵਾ ਸਕਦੇ ਹਨ।
ਸਾਰੇ ਯੋਗ ਭਾਰਤੀ ਨਾਗਰਿਕ ਜਿਨ੍ਹਾਂ ਦੀ ਉਮਰ ਯੋਗਤਾ ਮਿਤੀ 1 ਜਨਵਰੀ, 2021 ਤੱਕ 18 ਸਾਲ ਦੀ ਹੋ ਜਾਵੇਗੀ, ਉਹ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਉਹਨਾਂ ਨੂੰ ਦੋ ਕਲਰ ਫੋਟੋਆਂ ਦੇ ਨਾਲ ਯੋਗ ਪਤਾ ਅਤੇ ਇੱਕ ਪ੍ਰਮਾਣਿਕ ਦਸਤਾਵੇਜ਼ ਜਿਸ `ਤੇ ਜਨਮ ਮਿਤੀ ਦਰਸਾਈ ਹੋਵੇ, ਦੇਣਾ ਹੋਵੇਗਾ।
ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ, 2021 ਤੱਕ ਕੀਤਾ ਜਾਵੇਗਾ। ਸਿਹਤ ਦੇ ਮਾਪਦੰਡਾਂ ਦੀ ਜਾਂਚ ਕੀਤੀ ਜਾਏਗੀ ਅਤੇ 14 ਜਨਵਰੀ ਤੱਕ ਅੰਤਮ ਪ੍ਰਕਾਸ਼ਨਾ ਲਈ ਕਮਿਸ਼ਨ ਦੀ ਮਨਜ਼ੂਰੀ ਪ੍ਰਾਪਤ ਕੀਤੀ ਜਾਏਗੀ ਅਤੇ 15 ਜਨਵਰੀ, 2021 ਨੂੰ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਕਿਸੇ ਵੀ ਕਿਸਮ ਦੀ ਜਾਣਕਾਰੀ, ਫੀਡਬੈਕ ਜਾਂ ਸੁਝਾਅ ਲਈ, ਨਾਗਰਿਕ ਸੀਈਓ ਪੰਜਾਬ ਦੇ ਟੌਲ ਫ੍ਰੀ ਨੰਬਰ - 1950 `ਤੇ ਕਾਲ ਕਰ ਸਕਦੇ ਹਨ ਜਾਂ dyceo@punjab.gov.in. ` ਤੇ ਈ-ਮੇਲ ਭੇਜ ਸਕਦੇ ਹਨ। ਇਸ ਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੀਈਓ ਪੰਜਾਬ ਦੇ ਅਧਿਕਾਰਤ ਫੇਸਬੁੱਕ ਪੇਜ https://www.facebook.com/TheCEOPunjab `ਤੇ ਪੋਸਟ ਕਰ ਸਕਦੇ ਹਨ ਜਾਂ ਟਵੀਟਰ ਹੈਂਡਲ @TheCEOPunjab `ਤੇ ਟਵੀਟ ਭੇਜ ਸਕਦੇ ਹਨ।