ਅੰਮ੍ਰਿਤਸਰ : ਪਹਿਲੇ ਕਾਫਲੇ ਨਾਲ ਖੇਤੀ ਬਿਲਾਂ ਦਾ ਵਿਰੋਧ ਕਰਨ ਦਿੱਲੀ ਗਏ ਅੰਦੋਲਨਕਾਰੀ ਕਿਸਾਨ ਦੀ ਘਰ ਪਰਤਦੇ ਸਮੇਂ ਮੌਤ ਹੋ ਗਈ। ਮ੍ਰਿਤਕ ਕਿਸਾਨ ਬਲਬੀਰ ਸਿੰਘ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਬੱਗਾ ਕਲਾਂ ਦਾ ਰਹਿਣ ਵਾਲਾ ਸੀ। SDM ਅਜਨਾਲਾ ਨੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਮੁਆਵਜਾ, ਕਰਜ਼ਾ ਮੁਆਫੀ, ਇੱਕ ਮੈਂਬਰ ਨੂੰ ਪ੍ਰਾਈਵੇਟ ਨੌਕਰੀ ਦਾ ਭਰੋਸਾ ਦਿੱਤਾ। ਪੀੜਿਤ ਪਰਿਵਾਰ ਨੇ ਭਾਜਪਾ ਆਗੂ ਸ਼ਵੇਤ ਮਲਿਕ ਦੀ ਕੋਠੀ ਅੱਗੇ ਲਾਸ਼ ਰੱਖਕੇ ਰੋਸ ਪ੍ਰਦਰਸ਼ਨ ਕੀਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਕਿਸਾਨ ਬਲਬੀਰ ਸਿੰਘ ਦੇ ਪੁੱਤਰ ਸ਼ਮਸ਼ੇਰ ਸਿੰਘ ਦਾ ਵੀਹ ਦਿਨਾਂ ਬਾਅਦ ਵਿਆਹ ਸੀ। ਘਰ ‘ਚ ਸਮਾਗਮ ਨੂੰ ਲੈ ਕੇ ਤਿਆਰੀਆਂ ਕਰਨ ਲਈ ਉਹ ਵਾਪਸ ਪਰਤ ਰਿਹਾ ਸੀ ਪਰ ਅੰੰਮ੍ਰਿਤਸਰ ਜੀਟੀ ਰੋਡ ‘ਤੇ ਕਸਬਾ ਟਾਂਗਰਾ ਨਜ਼ਦੀਕ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਬਲਬੀਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਲੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ। ਐਂਤਵਾਰ ਸ਼ਾਮ ਤੱਕ ਪਿੰਡ ਬੱਗਾ ਕਲਾਂ ਦੇ ਸਮਸ਼ਾਨਘਾਟ 'ਚ ਕਿਸਾਨ ਬਲਬੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।