ਮੈਲਬਰਨ : ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਅਿਕੇ ਦਾ ਪ੍ਰੀਖਣ ਸ਼ੁਰੂਆਤੀ ਪੜਾਅ 'ਚ ਹੀ ਬੰਦ ਕਰ ਦਿਤਾ ਗਿਆ ਹੈ ਕਿਉਂਕਿ ਪ੍ਰੀਖਣ ਦੇ ਸ਼ੁਰੂਆਤੀ ਪੜਾਅ 'ਚ ਟੀਕਾ ਲੈਣ 'ਤੇ ਵਲੰਟੀਅਰਾਂ ਦੇ ਸ਼ਰੀਰ 'ਚ HIV ਲਈ ਐਂਟੀਬਾਡੀ ਦਾ ਨਿਰਮਾਣ ਹੋ ਰਿਹਾ ਸੀ।
CSL ਨੇ ਇਕ ਬਿਆਨ 'ਚ ਕਿਹਾ ਕਿ ਵੀ451 ਕੋਵਿਡ 19 ਟੀਕਾ ਦੇ ਸ਼ੁਰੂਆਤੀ ਪੜਾਅ ਦੇ ਪ੍ਰੀਖਣ 'ਚ ਹਿੱਸਾ ਲੈਣ ਵਾਲੇ 216 ਵਲੰਟੀਅਰਾਂ 'ਚ ਕੋਈ ਗੰਭੀਰ ਅਣਉਚਿਤ ਅਸਰ ਦੇਖਣ ਨੂੰ ਨਹੀਂ ਮਿਲਿਆ। ਕਵੀਂਸਲੈਂਡ ਯੂਨੀਵਰਸਿਟੀ ਅਤੇ ਬਾਓਟੈਕ ਕੰਪਨੀ CSL ਨੇ ਇਹ ਟੀਕਾ ਤਿਆਰ ਕੀਤਾ ਹੈ। ਫਿਲਹਾਲ ਪ੍ਰੀਖਣ ਦੌਰਾਨ ਪਤਾ ਚੱਲਾ ਕਿ ਕੁੱਝ ਮਰੀਜ਼ਾਂ 'ਚ ਐਂਟੀਬਾਡੀ ਦਾ ਨਿਰਮਾਣ ਹੋਇਆ ਜੋ HIV ਦੇ ਪ੍ਰੋਟੀਨ ਨਾਲ ਮਿਲਦਾ ਜੁਲਦਾ ਸੀ। ਆਸਟ੍ਰੇਲੀਆ ਦੀ ਸਰਕਾਰ ਨਾਲ ਵਿਚਾਰ ਵਟਾਂਦਰੇ ਕਰਨ ਦੇ ਬਾਅਦ ਕਵੀਂਸਲੈਂਡ ਯੂਨੀਵਰਸਿਟੀ CSL ਨੇ ਟੀਕੇ ਦੇ ਪ੍ਰੀਖਣ ਦੇ ਦੂਜੇ ਅਤੇ ਤੀਜੇ ਪੜਾਅ ਦਾ ਕੰਮ ਬੰਦ ਕਰ ਦੇਣ ਦਾ ਫ਼ੈਸਲਾ ਕੀਤਾ।
ਆਸਟ੍ਰੇਲੀਆ ਨੇ ਟੀਕੇ ਦੀ 5.1 ਕਰੋੜ ਖ਼ੁਰਾਕ ਖ਼ਰੀਦਣ ਲਈ ਚਾਰ ਟੀਕਾ ਨਿਰਮਾਤਾਵਾਂ ਨਾਲ ਸਮਝੌਤਾ ਕੀਤਾ ਹੈ। ਇਹ ਕੰਪਨੀ ਵੀ ਉਨ੍ਹਾਂ ਵਿਚੋਂ ਹੀ ਸੀ। ਟੀਕਾ ਨਿਰਮਾਤਾ ਨੇ ਕਿਹਾ ਕਿ ਟੀਕੇ ਤੋਂ ਕਿਸੇ ਤਰ੍ਹਾਂ ਦੀ ਲਾਗ ਦਾ ਖ਼ਤਰਾ ਨਹੀਂ ਸੀ ਅਤੇ ਨਿਯਮਤ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋ ਗਈ ਕਿ ਇਸ 'ਚ HIV ਦਾ ਵਾਇਰਸ ਮੌਜੂਦ ਨਹੀਂ ਸੀ।
CSL ਨੇ ਕਿਹਾ ਕਿ ਜੇਰਕ ਰਾਸ਼ਟਰੀ ਪੱਧਰ 'ਤੇ ਟੀਕੇ ਦੀ ਵਰਤੋਂ ਹੁੰਦੀ ਤਾਂ ਭਾਈਚਾਰੇ ਵਿਚਕਾਰ HIV ਵਾਇਰਸ ਦੇ ਗ਼ਲਤ ਨਤੀਜੇ ਕਾਰਨ ਆਸਟ੍ਰੇਲੀਆ ਦੇ ਲੋਕਾਂ ਦੀ ਸਿਹਤ 'ਤੇ ਇਸ ਗੰਭੀਰ ਅਸਰ ਪੈਂਦਾ। ਜੁਲਾਈ ਤੋਂ ਹੀ ਇਸ ਟੀਕੇ ਦਾ ਕਲੀਨਿਕਲ ਟ੍ਰਾਇਲ ਕੀਤਾ ਜਾ ਰਿਹਾ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਕਲੀਨਿਕਲ ਟ੍ਰਾਇਲ ਰੋਕੇ ਜਾਣ ਨਾਲ ਇਹ ਪਤਾ ਲਗਦਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਅਤੇ ਖੋਜਕਰਤਾ ਬਹੁਤ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ''ਅੱਜ ਜੋ ਹੋਇਆ ਉਸ ਨਾਲ ਸਰਕਾਰ ਨੂੰ ਹੈਰਾਨੀ ਨਹੀਂ ਹੋਈ। ਅਸੀਂ ਬਿਨਾਂ ਕਿਸੇ ਜਲਦਬਾਜ਼ੀ ਤੋਂ ਸਾਵਧਾਨੀ ਨਾਲ ਚੱਲਣਾ ਚਾਹੁੰਦੇ ਹਾਂ।''