ਨਵੀਂ ਦਿੱਲੀ : ਕਿਸਾਨੀ ਸੰਘਰਸ਼ ਨੂੰ ਹਰ ਪਾਸਿਓ ਸਮਰਥਨ ਮਿਲ ਰਿਹਾ ਹੈ। ਕਈ ਮਸ਼ਹੂਰ ਅਕਾਦਾਰ, ਲੇਖਕ ਤੇ ਹੋਰ ਸਮਾਜ ਦੇ ਬੁਧੀਜੀਵੀ ਕਿਸਾਨਾਂ ਨਾਲ ਆ ਰਲੇ ਹਨ। ਇਸੇ ਕੜੀ ਵਿਚ ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਗੁਲ ਪਨਾਗ ਨੇ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਕਿਸਾਨੀ ਸੰਘਰਸ਼ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਅਭਿਨੇਤਰੀ ਨੇ ਸਿੰਘੂ ਬਾਰਡਰ 'ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਗੁਲ ਪਨਾਗ ਨੇ ਸਿੰਘੂ ਬਾਰਡਰ 'ਤੇ ਕਰੀਬ 2 ਘੰਟੇ ਬਿਤਾਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਸੀਟ ਤੋਂ ਆਪ ਦੀ ਟਿਕਟ 'ਤੇ ਚੋਣ ਲੜੀ ਸੀ। ਮੀਡੀਆ ਨਾਲ ਗੱਲ ਕਰਦਿਆਂ ਗੁਲ ਪਨਾਂਗ ਨੇ ਦਸਿਆ ਕਿ ਉਨ੍ਹਾਂ ਕੋਲ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮਹਾਂਦੀਆਂ ਵਿਖੇ ਤਕਰੀਬਨ ਦੋ ਏਕੜ ਦੀ ਖੇਤੀ ਵਾਲੀ ਜ਼ਮੀਨ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਿਤਾ ਨੇ ਫ਼ੌਜ ਛੱਡਣ ਤੋਂ ਬਾਅਦ ਖੇਤੀ ਕੀਤੀ ਸੀ। ਉਸ ਨੇ ਕਿਹਾ ਕਿ ਉਹ ਇਥੇ ਔਰਤਾਂ ਦਾ ਹੌਂਸਲਾ ਵਧਾਉਣ ਆਈ ਸੀ ਪਰ ਉਸ ਨੇ ਆ ਕੇ ਦੇਖਿਆ ਕਿ ਇਹ ਕਿਸਾਨ ਔਰਤਾਂ ਦੇਸ਼ ਦੀਆਂ ਬਾਕੀ ਔਰਤਾਂ ਦਾ ਮਨੋਬਲ ਵਧਾ ਰਹੀਆਂ ਹਨ।
ਗੁਲ ਪਨਾਗ ਨੇ ਦਸਿਆ ਕਿ ਉਹ ਕਿਸਾਨ ਪਰਵਾਰ ਨਾਲ ਸਬੰਧ ਰੱਖਦੀ ਹੈ ਤੇ ਉਹ ਇਥੇ ਹਮਦਰਦੀ ਦੀ ਭਾਵਨਾ ਨਾਲ ਆਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਧੱਕੇ ਨਾਲ ਕਿਸਾਨਾਂ 'ਤੇ ਥੋਪਿਆ ਜਾ ਰਿਹਾ ਹੈ ਤੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਕੋਈ ਚਰਚਾ ਨਹੀਂ ਕੀਤੀ ਗਈ। ਅਦਾਕਾਰਾ ਨੇ ਕਿਹਾ ਕਿ ਪੰਜਾਬੀਆਂ ਵਿਚ ਖ਼ਾਲਿਸਤਾਨ ਪੱਖੀ ਭਾਵਨਾਵਾਂ ਨਹੀਂ ਹਨ ਅਤੇ ਇਹ ਮੰਦਭਾਗਾ ਹੈ ਕਿ ਸਾਰੇ ਕਿਸਾਨਾਂ ਨੂੰ ਦੇਸ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਲ ਪਨਾਗ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੇ ਯੂਪੀ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਥੇ ਸਿਰਫ਼ ਪੰਜਾਬ ਦੇ ਕਿਸਾਨ ਹਨ, ਇਥੇ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹਨ। ਜਿ਼ਕਰਯੋਗ ਹੈ ਕਿ ਕਿਸਾਨੀ ਸੰਘਰਸ਼ ਨੂੰ ਚਲਦਿਆਂ 12-13 ਦਿਨ ਹੋ ਚੁੱਕੇ ਹਨ ਅਤੇ ਕਿਸਾਨਾਂ ਦਾ ਆਖਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾ ਕੇ ਹੀ ਘਰਾਂ ਨੂੰ ਪਰਤਣਗੇ