ਕੋਲੰਬੋ (ਏਜੰਸੀ) : ਸ਼੍ਰੀਲੰਕਾ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਨਾਲ ਜੁੜੀ ਇਕ ਵੈਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਉੱਤਰੀ ਮੱਧ ਸੂਬੇ ਵਿਚੋਂ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਬੁਲਾਰੇ ਰੂਵਨ ਗੁਣਸ਼ੇਖਰਾ ਨੇ ਕਿਹਾ ਕਿ ਸ਼ੱਕੀ ਵੈਨ ਦੀ ਵਰਤੋਂ ਅੱਤਵਾਦੀ ਹਮਲੇ ਵਿਚ ਕੀਤੀ ਗਈ ਸੀ। ਇਸ ਨੂੰ ਪੋਲੋਨਰੂਵਾ ਸ਼ਹਿਰ ਦੇ ਸੁੰਗਵਿਲਾ ਵਿਚ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 'ਈ. ਪੀ. ਪੀ. ਐੱਕਸ. 2399' ਦੀ ਲਾਈਸੈਂਸ ਪਲੇਟ ਲੱਗੀ ਵੈਨ ਨੂੰ ਜ਼ਬਤ ਕਰਨ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੈਨ ਇਲਾਕੇ ਵਿਚ ਸਥਿਤ ਇਕ ਘਰ ਦੇ ਬਗੀਚੇ ਵਿਚ ਖੜ੍ਹੀ ਸੀ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਚੱਲ ਰਹੀ ਹੈ। ਪਿਛਲੇ ਹਫਤੇ ਸ਼੍ਰੀਲੰਕਾ ਨੇ ਕੋਲੰਬੋ ਵਿਚ ਸਾਰੇ ਪੁਲਸ ਥਾਣਿਆਂ ਨੂੰ ਹਾਈ ਐਲਰਟ 'ਤੇ ਰੱਖਿਆ ਸੀ ਕਿਉਂਕਿ ਪੁਲਸ ਨੂੰ ਵਿਸਫੋਟਕ ਪਦਾਰਥਾਂ ਦੀ ਆਵਾਜਾਈ ਲਈ ਵਰਤੇ ਗਏ ਟਰੱਕ ਅਤੇ ਵੈਨ ਦੀ ਤਲਾਸ਼ ਸੀ। ਈਸਟਰ ਹਮਲੇ ਦੇ ਸਿਲਸਿਲੇ ਵਿਚ ਹੁਣ ਤੱਕ ਕੁੱਲ 106 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।