ਲੰਡਨ : ਬ੍ਰਿਟੇਨ ਦੀ ਸੰਸਦ ਵਿੱਚ ਬੁੱਧਵਾਰ ਨੂੰ ਭਾਰਤ ਵਿੱਚ ਕਿਸਾਨ ਅੰਦੋਲਨ ਦਾ ਮੁੱਦਾ ਉੱਠਿਆ ਤਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਜਵਾਬ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਲੇਬਰ ਪਾਰਟੀ ਦੇ ਬ੍ਰਿਟਿਸ਼ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਭਾਰਤ ਵਿੱਚ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ 'ਤੇ ਸੰਸਦ ਵਿੱਚ ਸਵਾਲ ਪੁੱਛਿਆ ਤਾਂ ਜਾਨਸਨ ਭਰਮ ਵਿੱਚ ਪੈ ਗਏ। ਜਾਨਸਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਵਾਦ ਦਾ ਹੱਲ ਦੁਵੱਲੀ ਗੱਲਬਾਤ ਰਾਹੀਂ ਹੋ ਸਕਦਾ ਹੈ । ਜਾਨਸਨ ਦੇ ਜਵਾਬ ਤੋਂ ਹੈਰਾਨ ਢੇਸੀ ਨੇ ਤੁਰੰਤ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਅਤੇ ਟਵਿਟਰ 'ਤੇ ਹੈਰਾਨੀ ਪ੍ਰਗਟ ਕੀਤਾ ਕਿ ਪ੍ਰਧਾਨਮੰਤਰੀ ਜਾਨਸਨ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਵਿਸ਼ਾ 'ਤੇ ਪ੍ਰਤੀਕਿਰਆ ਦੇ ਰਹੇ ਹਨ। ਦਰਸਅਲ, ਢੇਸੀ ਨੇ ਭਾਰਤ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਸੰਸਦ ਵਿੱਚ ਪੁੱਛਿਆ ਸੀ ਕਿ ਕੀ ਜਾਨਸਨ , ਬ੍ਰਿਟੇਨ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਤੋਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾਉਣਗੇ। ਇਸ ਸਵਾਲ ਦੇ ਜਵਾਬ ਵਿੱਚ ਜਾਨਸਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਵਾਦ ਦਾ ਹੱਲ ਉਥੋਂ ਦੀਆਂ ਸਰਕਾਰਾਂ ਕਰ ਸਕਦੀਆਂ ਹਨ।