ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਵਿਚ ਸ਼ਾਮਲ ਬੀਬੀਆਂ ਲਈ ਫਲੱਸ਼ਾਂ ਅਤੇ ਬਾਥਰੂਮਾਂ ਦੀ ਵਿਵਸਥਾ ਕਰਨ ਦੇ ਐਲਾਨ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਦਿੱਲੀ ਸਥਿਤ ਸਿੰਘੂ ਬਾਰਡਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਬੱਸਾਂ, ਜਿਸ ਵਿਚ ਇਹ ਸਹੂਲਤ ਮੌਜੂਦ ਹੈ, ਮੁਹੱਈਆ ਕਰਵਾਈਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਦੱਸਿਆ ਕਿ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਹ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਾਬ 'ਚ ਅੰਨ੍ਹੇ ਹੋਏ ਨੇ ਵੱਡੀ ਘਰਵਾਲੀ ਦੀ ਜ਼ੁਬਾਨ
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਦੋ ਬੱਸਾਂ ਲਗਾ ਦਿੱਤੀਆਂ ਗਈਆਂ ਸਨ ਅਤੇ ਅੱਜ ਹੋਰ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਸੌ ਵੱਧ ਤੋਂ ਫਲੱਸ਼ਾਂ ਤੇ ਬਾਥਰੂਮ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਡੀਕਲ ਵੈਨਾਂ ਲਗਾਤਾਰ ਕਾਰਜਸ਼ੀਲ ਹਨ ਅਤੇ ਲੰਗਰ ਦੇ ਨਾਲ-ਨਾਲ ਸੰਗਤਾਂ ਦੇ ਠਹਿਰਣ ਅਤੇ ਰਾਤ ਵਿਸ਼ਰਾਮ ਕਰਨ ਲਈ ਵੀ ਪ੍ਰਬੰਧ ਕੀਤੇ ਗਏ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਸਥਿਤ ਗੁਰਦੁਆਰਾ ਸਾਹਿਬਾਨ ਦੀਆਂ ਟੀਮਾਂ ਕਿਸਾਨਾਂ ਦੀ ਸੇਵਾ ਲਈ ਲਗਾਤਾਰ ਕਾਰਜਸ਼ੀਲ ਹਨ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਤੇ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦੀਆਂ ਮੈਡੀਕਲ ਸੇਵਾਵਾਂ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸਾਨ ਸੰਘਰਸ਼ ਵਿਚ ਹਰ ਪੱਧਰ 'ਤੇ ਸਹਿਯੋਗ ਦਿੰਦੀ ਰਹੇਗੀ।