ਮੈਲਬੌਰਨ, () : ਖੱਖ ਪ੍ਰੋਡਕਸ਼ਨਜ਼ ਅਤੇ ਸਹਿਯੋਗੀਆਂ ਵੱਲੋਂ 5 ਮਈ ਦਿਨ ਐਤਵਾਰ ਨੂੰ ਮੈਲਬੌਰਨ ਦੇ ਸਨਸ਼ਾਈਨ ਇਲਾਕੇ ਵਿੱਚ ਸਥਿਤ ਨਾਈਟਜ਼ ਸਟੇਡੀਅਮ ਵਿੱਚ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਲਵ ਖੱਖ, ਅਰਸ਼ ਖੱਖ, ਪਿੰਦਾ ਖਹਿਰਾ, ਪਰਵਿੰਦਰ ਸਿੰਘ ਸਾਬੀ , ਪਾਲ ਭੰਗੂ, ਗਿੰਦੀ ਹੰਸਰਾ, ਜਮਾਲ ਖਾਨ, ਦਲਜੀਤ ਸਿੱਧੂ, ਧੀਰਾ ਮੰਡ, ਇੰਦਰ ਮਾਂਗਟ, ਬਲਜੀਤ ਸੇਖਾ ਨੇ ਦੱਸਿਆ ਕਿ ਇਸ ਵਿਸ਼ਵ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਭਾਰਤ, ਆਸਟ੍ਰੇਲ਼ੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਪਹਿਲਾ ਇਨਾਮ 21 ਹਜ਼ਾਰ ਡਾਲਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 15 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਜਾਫੀ ਅਤੇ ਧਾਵੀ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਮੈਚ ਵੇਖਣ ਵਾਲੇ ਦਰਸ਼ਕਾਂ ਵਿਚਕਾਰ ਇੱਕ ਖਾਸ ਲੱਕੀ ਡਰਾਅ ਕੱਢਿਆ ਜਾਵੇਗਾ ਤੇ ਖੁਸ਼ਕਿਸਮਤ ਦਰਸ਼ਕ ਨੂੰ ਫੋਰਡ 'ਮਸਟੈਂਗ' ਕਾਰ ਇਨਾਮ ਵਜੋਂ ਮਿਲੇਗੀ, ਜਿਸ ਦੀ ਕੀਮਤ ਭਾਰਤੀ ਕਰੰਸੀ ਅਨੁਸਾਰ 75 ਲੱਖ ਬਣਦੀ ਹੈ। ਆਸਟ੍ਰੇਲੀਆ ਦੇ ਕਬੱਡੀ ਇਤਿਹਾਸ ਵਿੱਚ ਇਹ ਖਿਤਾਬ ਸਭ ਤੋਂ ਮਹਿੰਗਾ ਅਤੇ ਨਿਵੇਕਲਾ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਕੁਝ ਹੋਰ ਇਨਾਮ ਵੀ ਦਰਸ਼ਕਾਂ ਦੀ ਝੋਲੀ ਪੈਣਗੇ। ਕਬੱਡੀ ਕੱਪ ਦੀ ਟਿਕਟ 25, 55 ਅਤੇ 100 ਡਾਲਰ ਰੱਖੀ ਗਈ ਹੈ।