ਪੰਜਾਬ ਸਰਕਾਰ ਦੀ ਤਰਫੋਂ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ
ਕੈਬਨਿਟ ਮੰਤਰੀ ਸਿੰਗਲਾ, ਮੋਫ਼ਰ ਸਮੇਤ ਹੋਰ ਸ਼ਖ਼ਸੀਅਤਾਂ ਮਿ੍ਰਤਕ ਕਿਸਾਨ ਧੰਨਾ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਵਿੱਚ ਹੋਈਆਂ ਸ਼ਾਮਿਲ
ਚੰਡੀਗੜ੍ਹ/ਮਾਨਸਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ ਚੱਲ ਰਹੇ ਵੱਡੇ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਦੇ ਸਮੇਂ ਫੌਤ ਹੋਏ ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਸਵ. ਸ੍ਰੀ ਧੰਨਾ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਮਲ ਹੁੰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਵੀ ਸੌਂਪਿਆ ਜੋ ਕਿ ਮਿ੍ਰਤਕ ਕਿਸਾਨ ਦੀ ਧਰਮਪਤਨੀ ਸ਼੍ਰੀਮਤੀ ਮਨਜੀਤ ਕੌਰ, ਭਰਾ ਅਤੇ ਬੱਚਿਆਂ ਨੇ ਪ੍ਰਾਪਤ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ, ਕਿਸਾਨ ਜਥੇਬੰਦੀਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜੀ ਹੈ।ਉਨਾਂ ਕਿਹਾ ਕਿ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਪੰਜ ਯੋਧਿਆਂ ਨੇ ਪਹਿਲਾਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਹੁਣ ਕਿਸਾਨ ਸ. ਧੰਨਾ ਸਿੰਘ ਕਿਸਾਨ ਹੱਕਾਂ ਲਈ ਸ਼ਹੀਦ ਹੋ ਗਏ ਹਨ। ਉਨਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮਿ੍ਰਤਕ ਕਿਸਾਨ ਦੇ ਬੱਚਿਆਂ ਦੀ ਮਿਆਰੀ ਸਿੱਖਿਆ ਅਤੇ ਦੋਵੇਂ ਜ਼ਖ਼ਮੀ ਕਿਸਾਨ ਵੀਰਾਂ ਸ੍ਰੀ ਬਲਜਿੰਦਰ ਸਿੰਘ ਅਤੇ ਸ੍ਰੀ ਜਗਤਾਰ ਸਿੰਘ ਦੇ ਇਲਾਜ ਲਈ ਵੀ ਪੂਰੀ ਤਰਾਂ ਵਚਨਬੱਧ ਹੈ।
ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਜ਼ੋਰਦਾਰ ਢੰਗ ਨਾਲ ਪੈਰਵਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਅਤੇ ਨਾਲ ਹੀ ਨਾਲ ਨਵਾਂ ਕਾਨੂੰਨ ਬਣਾਇਆ ਗਿਆ ਜਿਸ ਤਹਿਤ ਕੋਈ ਵੀ ਵਿਅਕਤੀ ਜੋ ਐਮ ਐਸ ਪੀ ਤੋਂ ਘੱਟ ਮੁੱਲ ਉੱਤੇ ਖ਼ਰੀਦ ਕਰਦਾ ਹੈ ਤਾਂ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਅਤੇ ਤਿੰਨ ਸਾਲ ਤੱਕ ਦੀ ਸਜ਼ਾ ਹੋਵੇਗੀ।
ਕੈਬਨਿਟ ਮੰਤਰੀ ਸ੍ਰੀ ਸਿੰਗਲਾ, ਜੋ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨੂੰ ਹੌਂਸਲਾ ਦੇਣ ਲਈ ਪੁੱਜੇ ਸਨ, ਨੇ ਪਿੰਡ ਵਾਸੀਆਂ ਦੀਆਂ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ। ਉਨਾਂ ਨਾਬਾਰਡ ਦੀ ਤਰਫੋਂ ਸੜਕ ਨੂੰ ਚੌੜਾ ਕਰਵਾਉਣ, ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮਿਡਲ ਸਕੂਲ ਦਾ ਦਰਜਾ ਦੇਣ ਦਾ ਐਲਾਨ ਕੀਤਾ ਅਤੇ ਪਾਰਕ ਬਣਵਾਉਣ ਸਬੰਧੀ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਤਜਵੀਜ਼ ਭੇਜਣ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਯੂਥ ਕਾਂਗਰਸ ਚੰਡੀਗੜ ਸੰਦੀਪ ਭੁੱਲਰ, ਚੇਅਰਮੈਨ ਜ਼ਿਲਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਚੁਸਪਿੰਦਰ ਸਿੰਘ ਚਹਿਲ, ਅਰਸ਼ਦੀਪ ਸਿੰਘ ਗਾਗੋਵਾਲ, ਕੁਲਵੰਤ ਰਾਏ ਸਿੰਗਲਾ, ਪੱਪੀ ਮਾਨ, ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ ਬਰੇਟਾ, ਵਿਨੋਦ ਸਿੰਗਲਾ, ਰਮੇਸ਼ ਟੈਨੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ, ਸਿਆਸੀ ਆਗੂ ਅਤੇ ਪਿੰਡਾਂ ਦੇ ਲੋਕ ਵੀ ਮੌਜੂਦ ਸਨ।