ਲੰਡਨ : ਭਾਰਤੀ ਸੰਵਿਧਾਨ ਦੇ ਰਚੇਤਾ ਦੇ ਸਨਮਾਨ ਵਿਚ ਬ੍ਰਿਟੇਨ ਦੇ ਉੱਤਰੀ ਲੰਡਨ ਚ ਸਥਾਨਕ ਪ੍ਰਸ਼ਾਸਨ ਨੇ ਅੰਬੇਡਕਰ ਹਾਊਸ ਨੂੰ ਬਤੌਰ ਮਿਊਜ਼ੀਅਮ ਚਲਾਉਣ ਦੀ ਰਸਮੀ ਤੌਰ ਤੇ ਮਨਜੂਰੀ ਦੇ ਦਿੱਤੀ ਹੈ।
ਇਸੇ ਸਾਲ ਦੀ ਸ਼ੁਰੂਆਤ 'ਚ ਇਸ ਇਮਾਰਤ ਨੂੰ ਆਧੁਨਿਕ ਭਾਰਤ ਦੇ ਸੰਸਥਾਪਕਾਂ ਵਿਚੋਂ ਇੱਕ ਡਾ. ਭੀਮ ਰਾਓ ਅੰਬੇਡਕਰ ਦਾ ਮਿਊਜ਼ੀਅਮ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਅਪੀਲ ਪ੍ਰਕਿਰਿਆ ਦੇਖ ਰਹੇ ਸਿੰਹਾਨੀਆ ਐਂਡ ਕੋ ਸਾਲਿਸਟਰ ਦੇ ਜਾਨੀਵਨ ਜਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੰਬੇ ਅਰਸੇ ਤੋਂ ਪੈਂਡਿੰਗ ਅੰਬੇਡਕਰ ਮਿਊਜ਼ੀਅਮ ਹੁਣ ਸ਼ੁਰੂ ਕੀਤੇ ਜਾਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੈਮਡੇਨ ਕੌਂਸਲ ਨੇ ਪ੍ਰਬੰਧਨ ਯੋਜਨਾ ਨਾਲ ਸਾਈਕਲ ਸਟੈਂਡ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ। ਯੂਕੇ ਕਮਿਊਨਿਟੀਜ਼ ਦੇ ਸੈਕਟਰੀ ਰਾਬਰਟ ਜੈਨਰਿਕ ਦੇ ਲੰਡਨ ਦੇ ਕੈਮਡੇਨ ਸਥਿਤ 10 ਕਿੰਗ ਹੈਨਰੀ ਰੋਡ ਬੰਗਲੇ ਨੂੰ ਮਿਊਜ਼ੀਅਮ ਬਣਾਉਣ ਦੀ ਯੋਜਨਾ ਦੇਣ ਵਿਚ ਦਖ਼ਲ ਦੇਣ ਤੋਂ ਬਾਅਦ ਕੈਮਡੇਨ ਕੌਂਸਲ ਨੇ ਆਖਰੀ ਮਨਜ਼ੂਰੀ ਦੇ ਦਿੱਤੀ ਹੈ। ਚਾਰ ਮੰਜ਼ਿਲਾ ਅੰਬੇਡਕਰ ਹਾਊਸ ਨੂੰ ਮਿਊਜ਼ੀਅਮ ਵਿਚ ਬਦਲਿਆ ਜਾ ਰਿਹਾ ਹੈ। ਡਾ. ਅੰਬੇਡਕਰ ਸਾਲ 1921-1922 'ਚ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਪੜ੍ਹਾਈ ਦੌਰਾਨ ਇਸੇ ਬੰਗਲੇ 'ਚ ਰਹਿੰਦੇ ਸਨ।
ਇਹ ਵੀ ਪੜ੍ਹੋ : ਬੀਬਾ ਬਾਦਲ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ
ਜ਼ਿਕਰਯੋਗ ਹੈ ਕਿ ਬਰਤਾਨਵੀ ਸਰਕਾਰ ਨੇ ਬੀਤੇ ਮਾਰਚ ਵਿਚ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਬੰਦ ਕਰਨ ਖ਼ਿਲਾਫ਼ ਦਾਇਰ ਭਾਰਤ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਸੀ। ਬਰਤਾਨੀਆ ਦੇ ਕਮਿਊਨਿਟੀ ਸੈਕਟਰੀ ਰਾਬਰਟ ਜੈਨਰਿਕ ਨੇ ਇਥੇ ਮਿਊਜ਼ੀਅਮ ਬਣਾਉਣ ਦੀ ਆਗਿਆ ਦੇ ਦਿੱਤੀ। ਦੱਸਣਯੋਗ ਹੈ ਕਿ ਸਥਾਨਕ ਅਥਾਰਿਟੀ ਕੈਮਡੇਨ ਕੌਂਸਲ ਨੇ ਪਿਛਲੇ ਸਾਲ ਅਗਸਤ ਵਿੱਚ ਭਾਰਤੀ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ 'ਚ ਉੱਤਰੀ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਇੱਕ ਮਿਊਜ਼ੀਅਮ 'ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਅਪੀਲ ਖਾਰਜ ਕਰਦਿਆਂ ਕੌਂਸਲ ਨੇ ਕਿਹਾ ਸੀ ਕਿ ਰਿਹਾਇਸ਼ੀ ਜਾਇਦਾਦ (ਅੰਬੇਡਕਰ ਹਾਊਸ) ਨੂੰ ਮਿਊਜ਼ੀਅਮ ਵਿਚ ਤਬਦੀਲ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ ਸਥਾਨਕ ਪਲਾਨਿੰਗ ਨਿਯਮਾਂ ਦੀ ਉਲੰਘਣਾ ਹੋਵੇਗੀ। ਇਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਬਰਤਾਨਵੀ ਸਰਕਾਰ 'ਤੇ ਦਬਾਅ ਬਣਾਇਆ ਸੀ ਤੇ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ।