Friday, November 22, 2024
 

ਚੰਡੀਗੜ੍ਹ / ਮੋਹਾਲੀ

ਓਲੰਪਿਕਸ ਦੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ : ਰਾਣਾ ਸੋਢੀ

December 05, 2020 07:34 PM
ਓਲੰਪਿਕ ਖੇਡਾਂ ਵਿੱਚ ਜਗਾ ਪੱਕੀ ਕਰਨ ਵਾਲੇ 9 ਸੰਭਾਵੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ
 
ਟੀਚੇ ਸਰ ਕਰਨ ਲਈ ਹਰ ਕਿਸਮ ਦੀ ਵਿੱਤੀ ਸਹਾਇਤਾ ਤੇ ਸਹੂਲਤਾਂ ਦੇਣ ਦਾ ਦਿੱਤਾ ਭਰੋਸਾ
 
ਚੰਡੀਗੜ੍ਹ : ਓਲੰਪਿਕਸ ਲਈ ਸੂਬੇ ਦੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਗਲੇ ਸਾਲ ਜਾਪਾਨ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਅਥਲੀਟ ਇਕ ਵਾਰ ਫਿਰ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਉੱਚ ਪੱਧਰੀ ਸਿਖਲਾਈ ਸਹੂਲਤਾਂ ਲਈ ਚੁਣੇ ਗਏ 9 ਪ੍ਰਤਿਭਾਸ਼ਾਲੀ ਉਭਰ ਰਹੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਸੋਢੀ ਨੇ ਇਨਾਂ ਖਿਡਾਰੀਆਂ ਨੂੰ ਤਿਆਰੀਆਂ ਸਬੰਧੀ ਪੂਰਨ ਸਰਕਾਰੀ ਸਹਾਇਤਾ ਅਤੇ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ।
ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਦੇ ਵਿਸ਼ੇਸ਼ ਯਤਨਾਂ ਨਾਲ ਚੁਣੇ ਗਏ ਓਲੰਪਿਕਸ ਵਿੱਚ ਜਾਣ ਦੀ ਸੰਭਾਵਨਾ ਵਾਲੇ ਇਨਾਂ ਖਿਡਾਰੀਆਂ ਵਿੱਚ ਉਤਕਰਸ਼ (ਤੀਰਅੰਦਾਜ਼ੀ), ਲਲਿਤ ਜੈਨ (ਤੀਰਅੰਦਾਜ਼ੀ), ਦਵਿੰਦਰ ਸਿੰਘ ਕੰਗ (ਜੈਵਲਿਨ), ਅਰਸ਼ਦੀਪ ਸਿੰਘ ਜੂਨੀਅਰ (ਜੈਵਲਿਨ), ਰਾਜ ਸਿੰਘ ਰਾਣਾ ਜੂਨੀਅਰ (ਜੈਵਲਿਨ), ਤਨਵੀਰ ਸਿੰਘ (ਸ਼ਾਟਪੁੱਟ) , ਟਵਿੰਕਲ ਚੌਧਰੀ (ਅਥਲੈਟਿਕਸ), ਗੁਰਿੰਦਰ ਵੀਰ ਸਿੰਘ (ਐਥਲੈਟਿਕਸ) ਅਤੇ ਲਵਪ੍ਰੀਤ ਸਿੰਘ (ਅਥਲੈਟਿਕਸ) ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਖਰਬੰਦਾ ਨੇ ਕਿਹਾ ਕਿ ਅਸੀਂ ਇਨਾਂ ਉੱਭਰ ਰਹੇ ਸਿਤਾਰਿਆਂ ਦੀ ਵਿੱਤੀ ਸਹਾਇਤਾ ਅਤੇ ਸਾਜ਼ੋ-ਸਮਾਨ ਸਬੰਧੀ ਸਹੂਲਤਾਂ ਦਾ ਪੂਰਾ ਦਾ ਧਿਆਨ ਰੱਖਾਂਗੇ। ਇਸ ਲਈ ਇਨਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਤਾਂ ਕਿ ਇਨਾਂ ਨੂੰ ਥੋੜੀ ਜਿਹੀ ਮਦਦ ਦੇ ਕੇ ਅੱਗੇ ਵਧਾ ਕੇ ਪੰਜਾਬ ਤੇ ਦੇਸ਼ ਦਾ ਨਾਮ ਚਮਕਾਇਆ ਜਾ ਸਕੇ।
ਖੇਡ ਅਤੇ ਯੁਵਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (ਐਮ.ਬੀ.ਐਸ.ਪੀ .ਐਸ) ਦੇ ਉੱਪ ਕੁਲਪਤੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਜਗਬੀਰ ਸਿੰਘ ਚੀਮਾ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀਆਈਐਸ) ਦੇ ਡਾਇਰੈਕਟਰ ਗਰੁੱਪ ਕਪਤਾਨ (ਸੇਵਾਮੁਕਤ) ਅਮਰ ਦੀਪ ਸਿੰਘ ਖੇਡ ਮੰਤਰੀ ਦੇ ਨਾਲ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ, ਓਲੰਪਿਕਸ ਦੀ ਤਗਮਾ ਸੂਚੀ ਵਿੱਚ ਪੰਜਾਬ ਦੀ ਥਾਂ ਮੋਹਰੀ ਰਾਜਾਂ ਵਿੱਚ ਪੱਕੀ ਹੋਣ ਲਈ ਆਸਵੰਦ ਹੈ।
ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦਾ ਪਾਵਰ ਹਾਊਸ ਬਣਾਉਣ ਦੀ ਯੋਜਨਾ “ਕੈਚ-ਦੈੱਮ-ਯੰਗ’’ ਦੇ ਉਦੇਸ਼ ਤਹਿਤ ਵੱਖ ਵੱਖ ਪੜਾਵਾਂ ਵਿੱਚ ਪਹਿਲਾਂ ਹੀ ਲਾਗੂ ਹੈ। ਬਹੁਤ ਸਾਰੇ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗ ਨੇ ਜ਼ਮੀਨੀ ਪੱਧਰ ’ਤੇ ਪ੍ਰਤਿਭਾ ਦੀ ਖੋਜ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਤਿਭਾ ਨੂੰ ਨਿਖਾਰਨ ਅਤੇ ਉਨਾਂ ਨੂੰ ਵੱਡੇ ਪੱਧਰ ਲਈ ਤਿਆਰ ਕਰਨ ਲਈ ਚੋਟੀ ਦੇ ਕੋਚ ਲਾਏ ਜਾ ਰਹੇ ਹਨ।
ਪੰਜਾਬ ਵਿੱਚ ਖੇਡ ਸਭਿਆਚਾਰ ਸਿਰਜਣ ’ਤੇ ਕੇਂਦਰਿਤ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਵੱਖ ਵੱਖ ਕੌਮੀ ਪ੍ਰੋਗਰਾਮਾਂ ਜਿਵੇਂ ਖੇਲੋ ਇੰਡੀਆ, ਫਿਟ ਇੰਡੀਆ ਰਾਹੀਂ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਮੀਨੀ ਪੱਧਰ ਦੀ ਪ੍ਰੇਰਨਾ ਲਈ ਕਈ ਉਪਾਅ ਵੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਭਾਰਤ ਖਾਸ ਕਰਕੇ ਪੰਜਾਬ ਕੋਲ ਦੇਸ਼ ਵਿੱਚ ਮਨੁੱਖੀ ਸਰੋਤਾਂ ਜਾਂ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਲੋੜ ਖੇਡਾਂ ਨੂੰ ਮਾਣ ਅਤੇ ਸਤਿਕਾਰ ਵਾਲੇ ਕਿੱਤੇ ਵਜੋਂ ਸਥਾਪਤ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਹੈ।
ਕੋਵਿਡ-19 ਮਹਾਂਮਾਰੀ  ਦੌਰਾਨ ਕੀਤੇ ਜਾ ਰਹੇ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲਾਕਡਾਊਨ ਨੇ ਟੀਚਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਆਪਣੀਆਂ ਯੋਜਨਾਵਾਂ ਨੂੰ ਵਧੀਆ ਤਰੀਕੇ ਨਾਲ ਵਿਉਂਤਣ ਲਈ ਬਹੁਤ ਲੋੜੀਂਦਾ ਸਮਾਂ ਦਿੱਤਾ ਹੈ।
 

Have something to say? Post your comment

Subscribe