ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੂਬੇ ਅੰਦਰ ਲੋਕ ਲਹਿਰ ਬਣਦੀ ਜਾ ਰਹੀ ਹੈ ਜਿਸ ਦੇ ਤਹਿਤ ਹਰ ਕੋਈ ਪੁੱਜਦਾ ਸਰਦਾ ਯੋਗਦਾਨ ਕਿਸਾਨੀ ਸੰਘਰਸ਼ ਵਿਚ ਪਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਕਿਸਾਨੀ ਸੰਘਰਸ਼ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ।
ਸਿੰਗਲਾ ਵਲੋਂ ਚੀਫ਼ ਸੈਕਟਰੀ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਉਨ੍ਹਾਂ ਕਿਹਾ, '' ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਆਪਣੇ ਵਲੋਂ ਛੋਟਾ ਜਿਹਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਮਹੀਨੇ ਦੀ ਤਨਖਾਹ ਸੰਘਰਸ਼ ਨੂੰ ਸਮਰਪਿਤ ਕਰ ਰਿਹਾ ਹਾਂ।'' ਉਨ੍ਹਾਂ ਨੇ ਕਿਸਾਨਾਂ ਦਾ ਸਾਥ ਦੇਣ ਲਈ ਹੋਰਾਂ ਨੂੰ ਵੀ ਅਪੀਲ ਕੀਤੀ ਹੈ ਤੇ ਹਰ ਸੰਭਵ ਤਰੀਕੇ ਨਾਲ ਯੋਗਦਾਨ ਦੇ ਕੇ ਸੰਘਰਸ਼ ਨੂੰ ਹੋਰ ਬੁਲੰਦ ਕਰਨ ਕਿਹਾ ਹੈ।