ਚੰਡੀਗੜ੍ਹ : ਵਿਵਾਦਿਤ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ਸ਼ੀਲ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਹੋਈ ਬੈਠਕ ਵੀ ਬੇਸਿੱਟਾ ਹੀ ਰਹੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਇਸ ਬਾਬਤ ਮੀਡੀਆ ਮੁਹਈਆ ਕਰਵਾਈ ਗਈ ਜਾਣਕਾਰੀ ਮੁਤਾਬਿਕ ਮੋਦੀ ਸਰਕਾਰ ਇਸ ਸਿਲਸਿਲੇ ਵਿਚ ਹੁਣ ਤਕ ਹੋਈਆਂ ਪਿਛਲੀਆਂ ਬੈਠਕਾਂ ਵਾਂਗ ਖੇਤੀ ਕਾਨੂੰਨ ਬਰਕਰਾਰ ਰੱਖਣ ਦੇ ਅਪਣੇ ਸਟੈਂਡ ਤੋਂ ਟੱਸ ਤੋਂ ਮਸ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭੁਲੇਖਾ ਹੈ ਕਿ ਇਸ ਮਸਲੇ ਨੂੰ ਲਮਕਾਉਣ ਨਾਲ ਕਿਸਾਨ ਸੰਘਰਸ਼ ਦਾ ਜਜਬਾ ਢਿਲਾ ਪੈ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਅੱਜ ਦੀ ਬੈਠਕ 'ਚ ਤਾਂ ਖੇਤੀ ਮੰਤਰੀ ਨਰੇਂਦਰ ਤੋਮਰ ਵੀ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ ਤੇ ਉਨ੍ਹਾਂ ਕੋਲ ਕਿਸਾਨਾਂ ਦੇ ਸਵਾਲਾਂ ਦੇ ਕੋਈ ਜਵਾਬ ਨਹੀਂ ਸਨ। ਉਨ੍ਹਾਂ ਕਿਹਾ ਕਿ ਜਦੋਂ ਤਕ ਪ੍ਰਧਾਨ ਮੰਤਰੀ ਅਪਣੀ ਅੜੀ ਨਹੀਂ ਛਡ ਦੇ ਉਦੋਂ ਤਕ ਇਹ ਮਸਲਾ ਹੱਲ ਨਹੀਂ ਹੋਣਾ। ਕਿਸਾਨਾਂ ਨੇ ਕਿਹਾ ਕਿ ਮੋਦੀ ਜਿੱਦ 'ਤੇ ਅੜਿਆ ਹੋਇਆ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਜਿਸ ਕਾਰਨ ਖੇਤੀ ਮੰਤਰੀ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਖ਼ੁਦ ਕੋਈ ਵੀ ਫ਼ੈਸਲਾ ਨਹੀਂ ਲੈ ਸਕਦਾ, ਜੋ ਕਿ ਸਿਰਫ਼ ਕਮੇਟੀ ਬਣਾਉਣ ਲਈ ਕਹਿ ਰਿਹਾ ਸੀ ਜਿਸ ਨੂੰ ਕਿ ਕਿਸਾਨਾਂ ਵਲੋਂ ਰੱਦ ਕਰ ਦਿਤਾ ਗਿਆ। ਕੇਂਦਰ ਨੇ ਕਿਸਾਨਾਂ ਨੂੰ ਅਗਲੀ ਮੀਟਿੰਗ ਲਈ 3 ਤਰੀਕ ਨੂੰ ਦੁਬਾਰਾ ਸੱਦਾ ਦਿਤਾ ਹੈ।
ਬੈਠਕ ਚੰਗੀ ਰਹੀ : ਖੇਤੀ ਮੰਤਰੀ
ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਉਨ੍ਹਾਂ ਅਤੇ ਕਿਸਾਨਾਂ ਵਿਚਕਾਰ ਬੈਠਕ ਚੰਗੀ ਰਹੀ ਹੈ । ਇਸ ਮਸਲੇ ਦੇ ਜਲਦੀ ਹੱਲ ਹੋਣ ਦੀ ਉਮੀਦ ਹੈ। ਕਿਸਾਨਾਂ ਨੂੰ ਅਗਲੀ ਪਹਿਲਾਂ ਤੋਂ ਨੀਅਤ ਬੈਠਕ ਲਈ 3 ਤਾਰੀਕ ਨੂੰ ਮੁੜ ਸੱਦਾ ਦਿਤਾ ਗਿਆ ਹੈ। ਦਸਣਯੋਗ ਹੈ ਕਿ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਨਾਲ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਵਿਚਕਾਰ ਦੁਪਹਿਰ 3 ਵਜੇ ਤੋਂ ਸ਼ਾਮ 6:30 ਵਜੇ ਤਕ ਸੱਤ ਲੰਮੇ ਵਿਚਾਰ-ਵਟਾਂਦਰੇ ਹੋਏ। ਜਿਸ ਦੌਰਾਨ ਕੇਂਦਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿਤਾ ਹੈ।
ਇਸ ਮੀਟਿੰਗ ਦੌਰਾਨ ਸਰਕਾਰ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਉਹ ਅਪਣੀਆਂ ਜਥੇਬੰਦੀਆਂ ਦੇ 4 ਤੋਂ 5 ਵਿਅਕਤੀਆਂ ਦੇ ਨਾਮ ਦੇਣ ਅਤੇ ਇਕ ਕਮੇਟੀ ਬਣਾਈ ਜਾਏਗੀ, ਜਿਸ ਵਿਚ ਖੇਤੀ ਮਾਹਰ ਵੀ ਸਰਕਾਰ ਨਾਲ ਰਹਿਣਗੇ ਜੋ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ।