ਚੰਡੀਗੜ : ਪੰਜਾਬ ਤੋਂ ਕੂਚ ਕਰ ਕੇ ਦਿੱਲੀ ਪਹੁੰਚੇ ਕਿਸਾਨ ਅੰਦੋਲਨ 'ਚ ਖ਼ਾਲਿਸਤਾਨੀ ਲਹਿਰ ਸਮਰਥਕਾਂ ਦੇ ਦਾਖ਼ਲੇ ਨੂੰ ਲੈ ਕੇ ਖ਼ੁਫ਼ੀਆ ਏਜੰਸੀਆਂ ਨੇ ਤਾਜ਼ਾ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਪੁਲਸ ਬਲ ਨੂੰ ਚੌਕਸ ਕੀਤਾ ਹੈ ਕਿ ਇੰਡੀਆ ਗੇਟ ਅਤੇ ਵੀ. ਵੀ. ਆਈ. ਪੀ. ਇਲਾਕਿਆਂ 'ਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਏਜੰਸੀਆਂ ਨੇ ਕੁਝ ਸੰਦੇਸ਼ਾਂ ਨੂੰ ਫੜ੍ਹਦੇ ਹੋਏ ਪਾਇਆ ਹੈ ਕਿ ਕਿਸਾਨ ਅੰਦੋਲਨ ਦੀ ਆੜ 'ਚ ਖ਼ਾਲਿਸਤਾਨੀ ਸਮਰਥਕ ਇੰਡੀਆ ਗੇਟ ਜਾਂ ਵੀ. ਵੀ. ਆਈ. ਪੀ. ਇਲਾਕਿਆਂ 'ਚ ਖ਼ਾਲਿਸਤਾਨੀ ਝੰਡੇ ਲਹਿਰਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਪਹਿਲਾਂ ਖ਼ੁਫ਼ੀਆ ਏਜੰਸੀਆਂ ਨੇ ਦਿੱਲੀ 'ਚ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ। ਦਰਅਸਲ, ਪਾਬੰਦੀਸ਼ੁਦਾ ਖ਼ਾਲਿਸਤਾਨ ਸਮਰਥਕ ਸੰਗਠਨ ਸਿੱਖ ਫ਼ਾਰ ਜਸਟਿਸ (ਐੱਸ. ਐੱਫ. ਜੇ.) ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਦਿੱਲੀ ਕੂਚ ਦੌਰਾਨ ਇੰਡੀਆ ਗੇਟ 'ਤੇ ਖ਼ਾਲਿਸਤਾਨ ਦਾ ਝੰਡਾ ਬੁਲੰਦ ਕਰਨ ਦਾ ਐਲਾਨ ਕੀਤਾ ਹੈ। ਐੱਸ. ਐੱਫ਼. ਜੇ. ਦੀ ਕੋਸ਼ਿਸ਼ ਕਿਸਾਨ ਅੰਦੋਲਨ ਨੂੰ ਮੌਕੇ ਦੇ ਤੌਰ 'ਤੇ ਭੁਨਾਉਣ ਦੀ ਹੈ। ਐੱਸ. ਐੱਫ਼. ਜੇ. ਦੇ ਜਨਰਲ ਕੌਂਸਲਰ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ ਸੰਦੇਸ਼ 'ਚ ਕਿਸਾਨਾਂ ਵਲੋਂ ਦਿੱਲੀ ਕੂਚ ਦੌਰਾਨ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਦੀ ਗੱਲ ਕਹੀ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਠਹਿਰਾਉਣ ਵਾਲੀ ਜਗ੍ਹਾ 'ਤੇ ਹੀ ਖ਼ਾਲਿਸਤਾਨ ਦੇ ਝੰਡੇ ਉਪਲੱਬਧ ਕਰਵਾਏ ਜਾਣਗੇ। ਪਨੂੰ ਨੇ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਖ਼ਿਲਾਫ਼ ਆਰਥਿਕ ਅੱਤਵਾਦ ਦੱਸਿਆ ਹੈ।