ਚੰਡੀਗੜ੍ਹ : ਦੀਵਾਲੀ ਵਾਲੀ ਰਾਤ ਨੂੰ ਹੋਏ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਜ਼ਿਲ੍ਹਾ ਪੁਲਸ ਨੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਸਹਾਇਕ ਗੀਤੂ ਖੁੱਲਰ ਉਰਫ ਸੀਆ ਖੁੱਲਰ ਦੀ ਅੱਗ ਲੱਗਣ ਉਪਰੰਤ ਮੌਤ ਦੇ ਮਾਮਲੇ ਦੀ ਤਹਿ ਤੱਕ ਜਾਂਦਿਆਂ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਮੁੱਖ ਮੁਲਜ਼ਮ ਉਕਤ ਮਹਿਲਾ ਵਕੀਲ ਦੇ ਪਤੀ ਅਤੇ ਉਸ ਦੇ ਦੋ ਸਾਥੀਆਂ ਦੀ ਭਾਲ ਜੰਗੀ ਪੱਧਰ 'ਤੇ ਜਾਰੀ ਹੈ।
ਪੁਲਿਸ ਵਲੋਂ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾ ਸੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੂੰ ਪੁੱਛਗਿੱਛ ਲਈ ਵਾਰ-ਵਾਰ ਬੁਲਾਇਆ ਗਿਆ ਪਰ ਉਹ ਜਾਂਚ ਵਿੱਚ ਸ਼ਾਮਲ ਨਾ ਹੋਇਆ ਜਿਸ 'ਤੇ ਮਾਮਲੇ ਦੀ ਘੋਖ ਉਪਰੰਤ ਇਹ ਖੁਲਾਸਾ ਹੋਇਆ ਕਿ ਇਸ ਦੋਹਰੇ ਕਤਲ ਪਿੱਛੇ ਅਸ਼ੀਸ਼ ਅਤੇ ਉਸ ਦੇ ਸਾਥੀਆਂ ਦਾ ਹੱਥ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐਸ.ਪੀ. (ਤਫਤੀਸ਼) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਡੀ.ਐੱਸ.ਪੀ. ਜਗਦੀਸ਼ ਰਾਜ ਅੱਤਰੀ, ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਕਰਨੈਲ ਸਿੰਘ ਅਤੇ ਸੀ.ਆਈ.ਏ. ਇਂੰਚਾਰਜ ਸ਼ਿਵ ਕੁਮਾਰ 'ਤੇ ਆਧਾਰਤ ਟੀਮ ਵਲੋਂ ਪੂਰੀ ਮੁਹਾਰਤ ਅਤੇ ਤਕਨੀਕੀ ਪੱਖਾਂ ਤੋਂ ਮਾਮਲੇ ਦੀ ਜਾਂਚ ਅਮਲ ਵਿੱਚ ਲਿਆਂਦੀ ਜਿਸ 'ਤੇ ਇਹ ਸਾਹਮਣੇ ਆਇਆ ਕਿ ਦੀਵਾਲੀ ਵਾਲੀ ਰਾਤ 14 ਨਵੰਬਰ ਨੂੰ ਅਸ਼ੀਸ਼ ਕੁਸ਼ਵਾਹਾ ਵਾਸੀ ਮੰਗਲੌਰ ਜ਼ਿਲ੍ਹਾ ਬੁਲੰਦ ਸ਼ਹਿਰ ਅਤੇ ਉਸ ਦੇ ਸਾਥੀ ਸੁਨੀਲ ਕੁਮਾਰ, ਕਪਿਲ ਕੁਮਾਰ ਵਾਸੀ ਬੁਲੰਦ ਸ਼ਹਿਰ ਨੇ ਆਪਣੇ ਇਕ ਅਣਪਛਾਤੇ ਸਾਥੀ ਸਮੇਤ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਸ਼ੀਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਗਵੰਤ ਕਿਸ਼ੋਰ ਗੁਪਤਾ ਅਤੇ ਸੀਆ ਖੁੱਲਰ ਨੂੰ ਮਾਰ ਕੇ ਉਸ ਦੀ ਕਾਰ ਵਿੱਚ ਪਾਉਣ ਉਪਰੰਤ ਅੱਗ ਲਾ ਕੇ ਲਾਸ਼ਾ ਅਤੇ ਕਾਰ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ 'ਤੇ 22 ਨਵੰਬਰ ਨੂੰ ਧਾਰਾ 302, 201, 120-ਬੀ ਤਹਿਤ ਮੁਕਦਮਾ ਨੰਬਰ 265 ਥਾਣਾ ਮਾਡਲ ਟਾਊਨ ਦਰਜ ਕਰਕੇ ਤਫਤੀਸ਼ ਅੱਗੇ ਵਧਾਈ ਗਈ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਪ੍ਰੇਮ ਸਿੰਘ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਉਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵੱਖ-ਵੱਖ ਜਗ੍ਹਾ 'ਤੇ ਛਾਪੇ ਮਾਰੇ ਗਏ ਜਿਸ ਦੌਰਾਨ ਕਪਿਲ ਕੁਮਾਰ ਪੁੱਤਰ ਢਾਲ ਸਿੰਘ ਵਾਸੀ ਮੰਗਲੌਰ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਹੋਈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸ਼ੀਸ਼ ਅਤੇ ਸੀਆ ਵਿਚਾਲੇ ਤਕਰਾਰ ਰਹਿਣ ਲੱਗ ਪਿਆ ਸੀ ਅਤੇ ਐਡਵੇਕਟ ਗੁਪਤਾ ਦੋਵਾਂ ਦਾ ਆਪਸ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਸਨ ਜਦ ਕਿ ਅਸ਼ੀਸ਼ ਨੂੰ ਗੁਪਤਾ ਦੀ ਦਖਲ ਅੰਦਾਜੀ ਪਸੰਦ ਨਹੀਂ ਸੀ ਜਿਸ 'ਤੇ ਉਸ ਨੇ ਮੁਲਜ਼ਮਾਂ ਨਾਲ ਸਲਾਹ ਕਰਕੇ ਦੋਵਾਂ ਨੂੰ ਜਾਨੋਂ ਮਾਰਨ ਦੀ ਵਿਉਂਤਬੰਦੀ ਬਣਾਈ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਸ਼ੀਸ਼ ਆਪਣੇ ਇਕ ਸਾਥੀ ਸਮੇਤ ਸਕਾਰਪਿਉ ਗੱਡੀ 'ਤੇ ਨੋਇਡਾ ਤੋਂ 13 ਨਵੰਬਰ ਨੂੰ ਸੀਆ ਖੁੱਲਰ ਦੇ ਘਰ ਹੁਸ਼ਿਆਰਪੁਰ ਪਹੁੰਚ ਗਿਆ ਅਤੇ 14 ਨਵੰਬਰ ਨੂੰ ਕਪਿਲ ਕੁਮਾਰ ਅਤੇ ਉਸ ਦਾ ਦੋਸਤ ਸੁਨੀਲ ਕੁਮਾਰ ਵੀ ਏਸੈਂਟ ਕਾਰ 'ਤੇ ਹੁਸ਼ਿਆਰਪੁਰ ਆ ਗਏ।
ਇਹ ਵੀ ਪੜ੍ਹੋ :
ਮਹਾਨ ਗਿਆਨ ਨੇ ਮਾਨਵਤਾ ਦੀ ਤਬਾਹੀ ਲਈ ਯਤਨ ਕੀਤੇਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਵੀ ਖੁਲਾਸਾ ਹੋਇਆ ਕਿ ਬਣਾਈ ਵਿਉਂਤ ਅਨੁਸਾਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਨੂੰ ਗੀਤੂ ਉਰਫ਼ ਸੀਆ ਖੁੱਲਰ ਦੇ ਘਰ ਬੁਲਾ ਕੇ ਅਸ਼ੀਸ਼ ਕੁਸ਼ਵਾਹਾ ਅਤੇ ਉਸ ਦੇ ਸਾਥੀ ਨੇ ਕੋਈ ਨਸ਼ੀਲੀ ਅਤੇ ਜ਼ਹਿਰੀਲੀ ਚੀਜ਼ ਦੇ ਕੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਸੁਨੀਲ ਤੇ ਕਪਿਲ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਕਾਰ ਨੰਬਰ ਪੀ.ਬੀ. 65-ਜੈਡ-2281 ਵਿੱਚ ਪਾ ਕੇ ਅਸ਼ੀਸ਼ ਤੇ ਉਸ ਦੇ ਸਾਥੀ ਨੇ ਪੁਰਹੀਰਾਂ ਚੰਡੀਗੜ੍ਹ ਬਾਈਪਾਸ ਕੋਲ ਗੱਡੀ ਸਮੇਤ ਲਾਸ਼ਾਂ ਅੱਗ ਲਾ ਦਿੱਤੀ ਅਤੇ ਉਕਤ ਚਾਰੇ ਮੁਲਜ਼ਮ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਦਿੱਲੀ ਨੋਇਡਾ ਚੱਲੇ ਗਏ ਜਿਥੇ ਅਸ਼ੀਸ਼ ਅਤੇ ਉਸ ਦਾ ਸਾਥੀ ਰੁਕ ਗਏ ਜਦਕਿ ਕਪਿਲ ਅਤੇ ਸੁਨੀਲ ਆਪਣੇ ਪਿੰਡ ਮੰਗਲੌਰ ਚਲੇ ਗਏ ਜਿਥੇ ਉਹ ਲੁਕਛਿਪ ਕੇ ਰਹਿ ਰਹੇ ਸਨ।ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਜੰਗੀ ਪੱਧਰ 'ਤੇ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।