ਚੰਡੀਗੜ੍ਹ : ਪਟਿਆਲਾ ਵਿਚ ਧਰੇੜੀ ਜੱਟਾਂ ਟੋਲ ਪਲਾਜ਼ਾ ਉਤੇ ਅੱਜ ਕਈ ਨਾਮਵਰ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵਿਚ ਹਿੱਸਾ ਲਿਆ। ਇਸ ਮੌਕੇ ਕੰਵਰ ਗਰੇਵਾਲ, ਰਾਖੀ ਹੁੰਦਲ, ਬਿੰਨੂ ਢਿੱਲੋਂ ਸਮੇਤ ਕਈ ਕਲਾਕਰ ਪਹੁੰਚੇ। ਇਸ ਪ੍ਰਦਰਸ਼ਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੰਨੂ ਢਿੱਲੋਂ ਅਤੇ ਕੰਵਰ ਗਰੇਵਾਲ ਨੇ ਪੰਜਾਬ ਦੇ ਸਮੂਹ ਵਰਗ ਦੇ ਲੋਕਾਂ ਨੂੰ ਖੇਤੀ ਕਾਨੂੰਨ ਦੇ ਖਿਲਾਫ ਮਿਲ ਕੇ ਸੰਘਰਸ਼ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਆਖਰੀ ਸੰਘਰਸ਼ ਹੈ ਕਿਉਂਕਿ ਕਿਸਾਨ ਉਤੇ ਅਗਰ ਇਹ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨ ਖਤਮ ਹੋ ਜਾਵੇਗਾ ਅਤੇ ਜੇਕਰ ਕਿਸਾਨ ਖਤਮ ਤਾਂ ਸਭ ਕੁਝ ਖਤਮ। ਉਨ੍ਹਾਂ ਕਿਹਾ ਕਿ ਹੁਣ ਇਹ ਲੜਾਈ ਘਰ ਘਰ ਦੀ ਲੜਾਈ ਬਣ ਗਈ ਹੈ ਅਤੇ ਹਰ ਵਰਗ ਦੇ ਲੋਕ ਇਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਦੇ ਸਾਡੇ ਸਭਿਆਚਾਰ, ਕਦੇ ਸਾਡੀ ਬਾਣੀ ਤੇ ਕਦੇ ਸਾਡੇ ਧਰਮ ਉਤੇ ਹਮਲਾ ਕੀਤਾ ਜਾਂਦਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਲੋਕ 26 ਨਵੰਬਰ ਨੂੰ ਦਿੱਲੀ ਜਾਣਗੇ।