ਨਵੀਂ ਦਿੱਲੀ: ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਉੱਤਰ ਪੱਛਮੀ ਹਿੱਸੇ ਵੱਲ ਵਧਣ ਕਾਰਨ ਸੋਮਵਾਰ ਨੂੰ ਰਾਤ ਦੇ ਤਾਪਮਾਨ ਵਿਚ ਵਾਧੇ ਦਾ ਅਨੁਮਾਨ ਜਤਾਇਆ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਠੰਡ ਨੇ ਦਿੱਲੀ ਵਿਚ 14 ਸਾਲ ਦਾ ਰਿਕਾਰਡ ਤੋੜਿਆ। ਉੱਥੇ ਹੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿਚ ਰਹੀ ਤੇ 24 ਘੰਟਿਆਂ ਦੌਰਾਨ ਹਵਾ ਦੀ ਗੁਣਵੱਤਾ ਦਾ ਔਸਤਨ ਇੰਡੈਕਸ 251 ਰਿਹਾ।
ਮੌਸਮ ਵਿਭਾਗ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਸੋਮਵਾਰ ਤੋਂ ਘੱਟੋ ਘੱਟ ਤਾਪਮਾਨ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।
ਮੈਦਾਨੀ ਇਲਾਕਿਆਂ ਵਿਚ ਚੁਰੂ ਦਾ ਘੱਟੋ ਘੱਟ ਤਾਪਮਾਨ ਸਭ ਤੋਂ ਘੱਟ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਵਿਚ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿਚ ਦੋਵੇਂ ਸੂਬਿਆਂ ਵਿਚ ਖੁਸ਼ਕ ਮੌਸਮ ਦਾ ਅਨੁਮਾਨ ਜਤਾਇਆ ਹੈ।
ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 22.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਚਾਰ ਡਿਗਰੀ ਹੇਠਾਂ ਹੈ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਵਿਚ ਜ਼ਿਆਦਾ ਤਾਪਮਾਨ ਕ੍ਰਮਵਾਰ 22.2 ਡਿਗਰੀ ਸੈਲਸੀਅਸ, 21.8 ਡਿਗਰੀ ਸੈਲਸੀਅਸ ਤੇ 23.3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਤੱਕ ਘੱਟ ਹੈ।