ਚੰਡੀਗੜ੍ਹ : ਬੀਤੇ ਦਿਨ ਕਤਲ ਕੀਤੇ ਗਏ ਸ਼ਹਿਰ ਦੇ ਵਪਾਰੀ ਅਤੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਜਦ ਅੱਜ ਡੇਰਾ ਸਲਾਬਤਪੁਰਾ ਵਿਖੇ ਲਿਆਂਦੀ ਗਈ ਤਾਂ ਲਾਸ਼ ਨੂੰ ਭਗਤਾ ਬਰਨਾਲਾ ਮੁੱਖ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਮਰਦ ਅਤੇ ਔਰਤਾਂ ਇਸ ਧਰਨੇ 'ਚ ਸ਼ਾਮਲ ਹੋਏ। ਇਸ ਮੌਕੇ ਸਟੇਟ ਕਮੇਟੀ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਕਿ ਸਾਧ ਸੰਗਤ ਨੂੰ ਇਨਸਾਫ਼ ਮਿਲਣ ਤੱਕ ਮਨੋਹਰ ਲਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਸਾਜਿਸ਼ ਰਚਣ ਹਿੱਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਘਟਨਾ ਦੇ ਪਿੱਛੇ ਜੋ ਤਾਕਤਾਂ ਹਨ, ਉਨ੍ਹਾਂ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਡੇਰਾ ਬੇਅਦਬੀ ਮਾਮਲੇ ਦੀ ਜਾਂਚ ਸਿਰੇ ਲਗਾਈ ਜਾਵੇ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ 'ਚ ਮੁਲਜ਼ਮ ਭਗਤਾ ਭਾਈ ਨਿਵਾਸੀ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਅਰੋੜਾ ਦੇ ਪਿਤਾ ਅਤੇ ਵੈਸਟਰਨ ਯੂਨੀਅਨ ਦੇ ਸੰਚਾਲਕ 53 ਸਾਲਾ ਮਨੋਹਰ ਲਾਲ ਦਾ ਬੀਤੀ ਸ਼ਾਮ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਦੀ ਜ਼ਿੰਮੇਵਾਰੀ ਸੁੱਖਾ ਗੈਂਗ ਗਰੁੱਪ ਨੇ ਲਈ ਹੈ। ਸੁੱਖਾ ਗੈਂਗ ਗਰੁੱਪ ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੁੱਖਾ ਲੰਮਾ ਗੈਂਗ ਨੇ ਫੇਸਬੁੱਕ ਪੇਜ਼ 'ਤੇ ਲਿਖਿਆ ਕਿ ''ਸਾਰੇ ਵੀਰਾ ਤੇ ਭੈਣਾਂ ਨੂੰ ਅੱਜ ਜੋ ਭਗਤੇ ਕਤਲ ਹੋਇਆ ਉਹ ਮੇਰੇ ਵੀਰ ਹਰਜਿੰਦਰ ਅਤੇ ਅਮਨੇ ਨੇ ਕੀਤਾ। ਇਸ ਦਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਇਨ੍ਹਾਂ ਨੇ 12 ਅਕਤੂਬਰ 2015 ਨੂੰ ਬਰਗਾੜੀ ਦਿਆਂ ਗਲਿਆ 'ਚ ਸਾਡੇ ਪਾਉ ਦੇ ਅੰਗ ਸੁੱਟੇ ਸਨ। ਭਗਤੇ 'ਚ ਵੀ ਇਨ੍ਹਾਂ ਨੇ ਬੇਅਦਬੀ ਕੀਤੀ ਸੀ ਅਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਅਗਲੀ ਵਾਰ ਜੋ ਬੇਅਦਬੀ ਕਰਨ ਬਾਰੇ ਸੋਚੂ ਨਾਲ ਇਹ ਵੀ ਸੋਚ ਲਵੇ ਕਿ ਅਸੀਂ ਅੰਸ਼ ਮੁਕਾ ਦੇਵਾਂਗੇ ਉਸ ਦਾ। ਇਸ ਲਈ ਸੁੱਖਾ ਗਿੱਲ ਲੰਮੇ ਗਰੁੱਪ ਵੱਲੋਂ ਇਸ ਦਾ ਕਤਲ ਕੀਤਾ ਗਿਆ। ਇਕ ਗੱਲ ਸਾਫ਼ ਕਰ ਦਿੰਨੇ ਆ ਅਸੀਂ ਜੋ ਵੀ ਕਰਦੇ ਆ ਆਵਦੇ ਤੌਰ 'ਤੇ ਕਰਦੇ ਆ ਜੋ ਅਸੀਂ ਕਰਨਾ ਹੀ ਆ ਕਿਸੇ ਦੀ ਇਜਾਜ਼ਤ ਨਾਲ ਨਹੀਂ ਜੁਰਤ ਨਾਲ ਚੱਲਦੇ ਆ ਬਾਕੀ ਹਰ ਜੰਗਲ਼ ਦਾ ਇਕ ਰਾਜਾ ਹੁੰਦਾ ਅਤੇ ਸਾਡੇ ਜੰਗਲ਼ ਦਾ ਰਾਜਾ ਸੁੱਖਾ ਵੀਰ ਆ ਅਤੇ ਵੀਰ ਦੇ ਇਕ ਬੋਲ 'ਤੇ ਆਏ ਹੀ ਕੌਮ ਦੇ ਦੋਖਿਆ ਦੀਆਂ ਅਤੇ ਸਾਡੇ ਦੁਸ਼ਮਣਾਂ ਦੀਆਂ ਲਾਸ਼ਾਂ ਡਿੱਗਦੀਆਂ ਰਹਿਣਗੀਆਂ ਅਤੇ ਇਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੌਂਸਲੇ ਨਹੀਂ।'