ਚੰਡੀਗੜ੍ਹ : ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪਹਿਲੇ ਚਾਚੇ-ਤਾਏ, ਮਾਮੇ ਅਤੇ ਮਾਸੀ ਦੇ ਬੱਚਿਆਂ ਵਿਚਕਾਰ ਵਿਆਹ ਗੈਰ ਕਾਨੂੰਨੀ ਹੈ। ਅਦਾਲਤ ਨੇ ਵੀਰਵਾਰ ਨੂੰ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਪਟੀਸ਼ਨਰ ਆਪਣੇ ਪਿਤਾ ਦੇ ਭਰਾ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਜੋ ਉਸ ਦੇ ਰਿਸ਼ਤੇ ਦੀ ਭੈਣ ਹੈ ਅਤੇ ਇਹ ਆਪਣੇ ਆਪ ਵਿਚ ਗੈਰ ਕਾਨੂੰਨੀ ਹੈ।
ਜੱਜ ਨੇ ਕਿਹਾ, “ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਗਈ ਹੈ ਕਿ ਜਦੋਂ ਵੀ ਲੜਕੀ 18 ਸਾਲ ਦੀ ਹੋਵੇਗੀ ਤਾਂ ਉਹ ਵਿਆਹ ਕਰਨਗੇ ਪਰ ਇਹ ਅਜੇ ਵੀ ਗੈਰਕਾਨੂੰਨੀ ਹੈ।” ਇਸ ਕੇਸ ਵਿੱਚ 21 ਸਾਲਾ ਨੌਜਵਾਨ ਨੇ 18 ਅਗਸਤ ਨੂੰ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ -2 ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 363 ਅਤੇ 366 ਏ ਦੇ ਤਹਿਤ ਦਾਇਰ ਕੀਤੇ ਕੇਸ ਵਿੱਚ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਕਾਰਵਾਈ ਕੀਤੀ।
ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਰਾਜ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਲੜਕੀ ਨਾਬਾਲਿਗ ਹੈ ਅਤੇ ਉਸਦੇ ਮਾਪਿਆਂ ਨੇ ਐਫਆਈਆਰ ਦਰਜ ਕੀਤੀ ਸੀ ਕਿ ਉਹ ਅਤੇ ਲੜਕੇ ਦਾ ਪਿਤਾ ਭਰਾ ਹਨ। ਨੌਜਵਾਨ ਦੇ ਵਕੀਲ ਨੇ ਜਸਟਿਸ ਅਰਵਿੰਦ ਸਿੰਘ ਸੰਗਵਾਨ ਨੂੰ ਦੱਸਿਆ ਕਿ ਪਟੀਸ਼ਨਕਰਤਾ ਨੇ ਜੀਵਨ ਅਤੇ ਆਜ਼ਾਦੀ ਲਈ ਲੜਕੀ ਨਾਲ ਅਪਰਾਧਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਹੈ।
ਇਸ ਦੇ ਅਨੁਸਾਰ, ਲੜਕੀ 17 ਸਾਲ ਦੀ ਹੈ ਅਤੇ ਪਟੀਸ਼ਨਕਰਤਾ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ ਦੋਵੇਂ ‘ਲਿਵ-ਇਨ’ ਰਿਸ਼ਤੇ ਵਿੱਚ ਹਨ। ਲੜਕੀ ਨੂੰ ਆਪਣੇ ਮਾਪਿਆਂ ਵੱਲੋਂ ਦੋਵਾਂ ਨੂੰ ਪ੍ਰੇਸ਼ਾਨ ਕਰਨ ਦਾ ਡਰ ਸੀ। ਅਦਾਲਤ ਨੇ 7 ਸਤੰਬਰ ਨੂੰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਇਸਦੇ ਨਾਲ ਹੀ ਰਾਜ ਸਰਕਾਰ ਨੂੰ ਹਦਾਇਤ ਕੀਤੀ ਸੀ ਜੇ ਨੌਜਵਾਨ ਅਤੇ ਲੜਕੀ ਨੂੰ ਕਿਸੇ ਖ਼ਤਰੇ ਦਾ ਸ਼ੱਕ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।