ਬਠਿੰਡਾ : ਜ਼ਿਲ੍ਹੇ ਦੇ ਰਾਮਪੁਰਾ ਹਲਕੇ 'ਚ ਪੈਂਦੇ ਕਸਬਾ ਭਗਤਾ ਭਾਈ ਦੇ ਭੀੜ ਭਾੜ ਵਾਲੇ ਇਲਾਕੇ 'ਚ ਦਿਨ ਦਿਹਾੜੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਸੰਚਾਲਕ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ(53) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਸਾਢੇ 4 ਵਜੇ ਵਿਦੇਸ਼ੀ ਕਰੰਸੀ ਬਦਲਣ ਦਾ ਕੰਮ ਕਰਨ ਵਾਲੇ ਭਗਤਾ ਭਾਈ ਦੇ ਜਤਿੰਦਰਾ ਟੈਲੀਕਾਮ ਤੇ ਕਾਲੇ ਰੰਗ ਤੇ ਸਵਾਰ ਹੋ ਕੇ ਆਏ ਦੋ ਪਗੜੀਧਾਰੀ ਮੋਟਰਸਾਈਕਲ ਸਵਾਰਾਂ ਨੇ ਅਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਗੋਲੀਬਾਰੀ ਦੌਰਾਨ ਇੱਕ ਗੋਲੀ ਮਨੋਹਰ ਲਾਲ ਦੇ ਸਿਰ 'ਚ ਤੇ ਦੂਸਰੀ ਬਾਂਹ ਵਿੱਚ ਲੱਗੀ। ਗੋਲੀਆਂ ਕਾਰਨ ਗੰਭੀਰ ਰੂਪ 'ਚ ਜਖਮੀ ਹੋਏ ਮਨੋਹਰ ਲਾਲ ਨੂੰ ਭਗਤਾ ਭਾਈ ਦੇ ਇੱਕ ਨਿੱਜੀ ਨਰਸਿੰਗ ਹੋਮ 'ਚ ਲਿਆਂਦਾ ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਮਨੋਹਰ ਲਾਲ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ 'ਚ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਦਿਆਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਤੇ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਸੀਆਈਏ ਸਟਾਫ ਟੂ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ, ਐਂਟੀ ਨਾਰਕੋਟਿਕਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ, ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੀ ਐਸ ਆਈ ਟੀ ਦੇ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਅਤੇ ਸਬ ਇੰਸਪੈਕਟਰ ਇਕਬਾਲ ਖਾਨ ਨੂੰ ਵੀ ਬੁਲਾ ਲਿਆ। ਪੁਲਿਸ ਦੀਆਂ ਟੀਮਾਂ ਨੇ ਮਨੋਹਰ ਲਾਲ ਦੀ ਦੁਕਾਨ ਦੇ ਅੰਦਰ ਅਤੇ ਆਂਢ ਗੁਆਂਢ 'ਚ ਲੱਗੇ CCTV ਕੈਮਰਿਆਂ ਦੀ ਫੁੱਟੇਜ ਨੂੰ ਖੰਘਾਲਿਆ। ਦੁਕਾਨ ਦੇ ਅੰਦਰਲੇ ਕੈਮਰਿਆਂ ਦੀ ਫੁਟੇਜ 'ਚ ਦੋ ਨੌਜਵਾਨ ਤਾਬੜਤੋੜ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਇਹਨਾਂ ਦੋਵਾਂ ਚੋਂ ਇੱਕ ਕੋਈ ਬੈਗ ਚੁੱਕ ਕੇ ਭਜਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਜਾਂਚ ਟੀਮਾਂ ਇਸ ਨੂੰ ਡੇਰਾ ਪ੍ਰੇਮੀ ਵਾਲੇ ਪੱਖ ਨਾਲ ਜੋੜ ਕੇ ਦੇਖ ਰਹੀਆਂ ਹਨ ਅਤੇ ਲੁੱਟ ਦੀ ਘਟਨਾਂ ਤਰਫੋਂ ਵੀ ਪੜਤਾਲਿਆ ਜਾ ਰਿਹਾ ਹੈ।ਮਹੱਤਵਪੂਰਨ ਤੱਥ ਹੈ ਕਿ ਮਨੋਹਰ ਲਾਲ ਡੇਰਾ ਸੱਚਾ ਸੌਦਾ ਦੇ ਸੀਨੀਅਰ ਆਗੂ ਜਤਿੰਦਰਬੀਰ ਅਰੋੜਾ ਉਰਫ ਜਿੰਮੀ ਅਰੋੜਾ ਦਾ ਪਿਤਾ ਸੀ। ਜਿੰਮੀ ਨੂੰ ਕੁੱਝ ਸਮਾਂ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਨਾਮਜਦ ਕੀਤਾ ਗਿਆ ਸੀ। ਉਸ ਨੂੰ ਜਾਚ ਲਈ ਬਣਾਈ ਐਸ ਆਈ ਟੀ ਨੇ ਗ੍ਰਿਫਤਾਰ ਵੀ ਕੀਤਾ ਸੀ ਅਤੇ ਉਹ ਜੇਲ੍ਹ 'ਚ ਵੀ ਰਿਹਾ ਸੀ।
ਪੁਲਿਸ ਨੇ ਇਸ ਕਤਲ ਦੇ ਸਬੰਧ 'ਚ ਥਾਣਾ ਦਿਆਲਪੁਰਾ ਭਾਈ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਉਹਨਾਂ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਵਧੇਰੇ ਟਿੱਪਣੀ ਤੋਂ ਗੁਰੇਜ਼ ਕੀਤਾ ਹੈ।