ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਪਟਾਕਿਆਂ ਦੇ ਧੂੰਏਂ ਨਾਲ ਲੋਕਾਂ ਦੀ ਵੱਡੀ ਰਾਹਤ ਮਿਲੀ ਹੈ। ਹਰਿਆਣਾ, ਪੰਜਾਬ ਸਣੇ ਦਿੱਲੀ- ਐਨਸੀਆਰ ਕਈ ਇਲਾਕਿਆਂ ਵਿਚ ਐਤਵਾਰ ਨੂੰ ਅਚਾਨਕ ਮੌਸਮ ਨੇ ਕਰਵਟ ਲਈ। ਤੇਜ਼ ਬਾਰਸ਼ ਦੇ ਨਾਲ ਗੜ੍ਹੇ ਪੈਣ ਨਾਲ ਠੰਢ ਵੱਧਣ ਦੀ ਅਸ਼ੰਕਾ ਵਧੀ ਹੈ। ਰਾਹਤ ਦੀ ਗੱਲ ਇਹ ਹੈ ਕਿ ਦੀਵਾਲੀ ਦੌਰਾਨ ਹੋਈ ਆਤਿਸ਼ਬਾਜ਼ੀ ਕਾਰਨ ਵਧੇ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਕੰਮ ਐਤਵਾਰ ਨੂੰ ਹੋਈ ਬਾਰਸ਼ ਨੇ ਕੀਤਾ ਹੈ। ਉਤਰੀ ਭਾਰਤ ਵਿਚ ਬਾਰਸ਼ ਕਾਰਨ ਹਵਾ ਦੀ ਗੁਣਵੱਤਾ ਵਿਚ ਸੁਧਾਰ ਦਰਜ ਕੀਤਾ ਗਿਆ ਹੈ। ਲੋਕਾਂ ਨੂੰ ਪ੍ਰਦੂੁਸ਼ਣ ਨਾਲ ਬਣੀ ਸਮਾਗ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਬਾਰਸ਼ ਨਾਲ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਅਤੇ ਨਾਲ ਹੀ ਦਿੱਲੀ ਵਿਚ ਸਮਾਗ ਵਿਚ ਸੁਧਾਰ ਹੋਇਆ ਹੈ। ਪੱਛਮੀ ਗੜਬੜੀ ਕਾਰਨ ਦਿੱਲੀ ਐਨਸੀਆਰ ਵਿਚ ਮੀਂਹ ਪਿਆ ਹੈ। ਆਓ ਜਾਣਦੇ ਹਾਂ ਉਤਰੀ ਭਾਰਤ ਵਿਚ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਕੀ ਹੈ?
ਪੰਜਾਬ, ਹਰਿਆਣਾ ’ਚ ਲੋਕਾਂ ਨੇ ਲਿਆ ਖੁੱਲ੍ਹ ਕੇ ਸਾਹ
ਪੰਜਾਬ, ਹਰਿਆਣਾ ਵਿਚ ਅਚਾਨਕ ਮੌਸਮ ਨੇ ਕੱਲ੍ਹ ਆਪਣਾ ਮਿਜਾਜ਼ ਬਦਲਿਆ। ਐਤਵਾਰ ਸ਼ਾਮ ਤੋਂ ਲਗਾਤਾਰ ਮੀਂਹ ਪਿਆ ਅਤੇ ਕਈ ਥਾਂਈਂ ਗੜ੍ਹੇ ਵੀ ਪਏ। ਸੋਮਵਾਰ ਸਵੇਰ ਤੋਂ ਹੀ ਅਜੇ ਵੀ ਕਈ ਥਾਈਂ ਮੀਂਹ ਪੈ ਰਿਹਾ ਹੈ। ਜ਼ਿਆਦਾਤਰ ਥਾਵਾਂ ’ਤੇ ਸੰਘਣੇ ਬੱਦਲ ਛਾਏ ਹੋਏ ਹਨ। ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਸਮਾਗ ਤੋਂ ਰਾਹਤ ਮਿਲਣ ਕਾਰਨ ਲੋਕ ਖੁੱਲ੍ਹ ਕੇ ਸਾਹ ਲੈ ਰਹੇ ਹਨ। ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ।
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਮੀਂਹ ਪੈਣ ਨਾਲ ਪੀਐਮ 10 ਅਤੇ ਪੀਐਮ 2.5 ਵਿਚ ਸੁਧਾਰ ਹੋਇਆ ਹੈ। ਸਵੇਰੇ 8:30 ਵਜੇ ਤਕ ਜਿਨ੍ਹਾਂ ਇਲਾਕਿਆਂ ਵਿਚ ਪ੍ਰਦੂਸ਼ਣ ਲਗਪਗ 8 ਗੁਣਾ ਜ਼ਿਆਦਾ ਸੀ, ਉਥੇ ਮੀਂਹ ਪੈਣ ਕਾਰਨ ਸ਼ਾਮ ਤਕ ਪ੍ਰਦੂਸ਼ਣ ਦਾ ਪੱਧਰ ਹੁਣ 3 ਗੁਣਾ ਰਹਿ ਗਿਆ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਮੁਤਾਬਕ ਬਵਾਨਾ ਵਿਚ ਪੀਐਮ 10 ਦਾ ਪੱਧਰ 335 ਤਕ ਪਹੁੰਚ ਗਿਆ ਹੈ ਤੇ ਉਥੇ ਪੀਐਮ 2.5 ਦਾ ਪੱਧਰ 151 ਹੈ।