ਨਵੀਂ ਦਿੱਲੀ : ਸ਼ਨੀਵਾਰ ਨੂੰ ਤੜਕਸਾਰ ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਨਾਲ ਉਸ ਦੇ ਹਵਾਈ ਮੁਸਾਫਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਢੇ ਤਿੰਨ ਵਜੇ ਤੋਂ ਉਸ ਦਾ ਸਰਵਰ ਡਾਊਨ ਹੋਣ ਕਾਰਨ ਕਈ ਉਡਾਣਾਂ 'ਚ ਦੇਰੀ ਹੋਈ। ਇਸ ਦੌਰਾਨ 119 ਉਡਾਣਾਂ ਰੱਦ ਹੋਣ ਨਾਲ ਦੇਸ਼-ਵਿਦੇਸ਼ 'ਚ ਉਸ ਦੇ ਹਵਾਈ ਮੁਸਾਫਰਾਂ 'ਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ, ਘਰੇਲੂ ਅਤੇ ਕੌਮਾਂਤਰੀ ਫਲਾਈਟਸ ਵਾਲੇ ਹਜ਼ਾਰਾਂ ਯਾਤਰੀ ਹਵਾਈ ਅੱਡੇ 'ਤੇ ਲੰਮੇ ਸਮੇਂ ਤੋਂ ਫਲਾਈਟਸ ਰਵਾਨਾ ਹੋਣ ਦੇ ਇੰਤਜ਼ਾਰ 'ਚ ਬੈਠੇ ਹਨ।
ਫਲਾਈਟਸ 'ਚ ਦੇਰੀ ਹੋਣ ਕਾਰਨ ਮੁਸਾਫਰਾਂ ਨੇ ਦਿੱਲੀ 'ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਹੰਗਾਮਾ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਇਸ ਦੀ ਸ਼ਿਕਾਇਤ ਸੋਸ਼ਲ ਮੀਡੀਆ 'ਤੇ ਵੀ ਕੀਤੀ।
ਕੰਪਨੀ ਨੇ ਮੁਸਾਫਰਾਂ ਕੋਲੋਂ ਮਾਫੀ ਮੰਗਦੇ ਹੋਏ ਕਿਹਾ ਕਿ ਤਕਨੀਕੀ ਦਿੱਕਤ ਨੂੰ ਦੂਰ ਕਰਨ 'ਚ ਉਨ੍ਹਾਂ ਦੀ ਟੀਮ ਜੁਟੀ ਹੈ ਅਤੇ ਜਲਦ ਹੀ ਸਿਸਟਮ ਠੀਕ ਹੋਣ ਦੀ ਉਮੀਦ ਹੈ। ਸਰਵਰ ਡਾਊਨ ਹੋਣ ਨਾਲ ਸਭ ਉਡਾਣਾਂ 'ਚ ਦੇਰੀ ਹੋਈ। ਕੰਪਨੀ ਨੇ ਟਵੀਟ 'ਚ ਕਿਹਾ, ''ਸਾਡੇ ਸਰਵਰ 'ਚ ਖਰਾਬੀ ਹੋਣ ਕਾਰਨ ਸਾਡੀਆਂ ਕੁਝ ਉਡਾਣਾਂ ਪੂਰੀ ਦੁਨੀਆ 'ਚ ਪ੍ਰਭਾਵਿਤ ਹੋ ਰਹੀਆਂ ਹਨ। ਸਿਸਟਮ ਨੂੰ ਪੁਨਰ ਸਥਾਪਤ ਕਰਨ ਲਈ ਕੰਮ ਚੱਲ ਰਿਹਾ ਹੈ'। ਸੂਤਰਾਂ ਨੇ ਕਿਹਾ ਕਿ ਹੁਣ ਸਿਸਟਮ ਠੀਕ ਕਰ ਦਿੱਤਾ ਗਿਆ ਹੈ ਪਰ ਹਵਾਈ ਅੱਡੇ 'ਤੇ ਫਸੇ ਕੁਝ ਮੁਸਾਫਰਾਂ ਨੂੰ ਯਾਤਰਾ ਲਈ ਇਕ ਦਿਨ ਤਕ ਦੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਇਸ ਖਰਾਬੀ ਵਿਚਕਾਰ ਕਈ ਫਲਾਈਟਸ ਰੱਦ ਹੋਈਆਂ ਹਨ। ਇਸ ਕਾਰਨ ਅੱਜ ਦਿਨ ਭਰ ਏਅਰ ਇੰਡੀਆ ਦੀਆਂ ਉਡਾਣਾਂ 'ਚ ਦੇਰੀ ਹੋ ਸਕਦੀ ਹੈ।