ਨਵੀਂ ਦਿੱਲੀ : ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ, ਰੋਜ਼ਾਨਾ ਮਾਮਲਿਆਂ 'ਚ ਦਿੱਲੀ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ 'ਚ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ 8 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦਿੱਲੀ 'ਚ ਇੱਕ ਦਿਨ 'ਚ ਕੋਰੋਨਾ ਮਾਮਲਿਆਂ ਨੇ ਅੱਠ ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ ਹੈ। ਇਸ 'ਚ ਦਿੱਲੀ 'ਚ ਕੋਰੋਨਾ ਨਾਲ 85 ਲੋਕਾਂ ਦੀ ਮੌਤ ਵੀ ਹੋਈ ਹੈ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ਦੀ ਹਵਾ ਜ਼ਿਹਰੀਲੀ ਹੋਣ ਦੇ ਨਾਲ ਹੀ ਕੋਵਿਡ-19 ਦੇ ਮਾਮਲਿਆਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ ਵੱਧਦੇ ਮਾਮਲਿਆਂ ਨਾਲ ਮੌਤ ਦੀ ਗਿਣਤੀ ਨੇ ਸਰਕਾਰ ਅਤੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਕ ਪਿਛਲੇ 24 ਘੰਟੇ 'ਚ ਦਿੱਲੀ 'ਚ 8593 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਇੱਕ ਦਿਨ 'ਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਵੱਧਕੇ ਸਾਢੇ ਚਾਰ ਲੱਖ ਦੇ ਪਾਰ ਪਹੁੰਚ ਗਈ ਹੈ।
ਉਥੇ ਹੀ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਨਾਲ ਦਿੱਲੀ 'ਚ 85 ਲੋਕਾਂ ਨੇ ਦਮ ਤੋੜਿਆ ਜਿਸ ਤੋਂ ਬਾਅਦ ਕੁਲ ਮਰਨ ਵਾਲੇ ਲੋਕਾਂ ਦੀ ਗਿਣਤੀ 7228 ਹੋ ਚੁੱਕੀ ਹੈ। ਦੱਸ ਦਈਏ ਕਿ ਦਿੱਲੀ 'ਚ 1 ਤੋਂ 9 ਨਵੰਬਰ ਵਿਚਾਲੇ 581 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1 ਅਕਤੂਬਰ ਤੋਂ 31 ਅਕਤੂਬਰ ਵਿਚਾਲੇ ਕੋਵਿਡ-19 ਨਾਲ 1124 ਲੋਕਾਂ ਨੇ ਦਮ ਤੋੜਿਆ। ਮੀਡੀਆ ਰਿਪੋਰਟ ਮੁਤਾਬਕ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੀ ਦਰ 13.4 ਫੀਸਦੀ ਹੈ ਜਦੋਂ ਕਿ ਰਿਕਵਰੀ ਦਰ 89.16 ਫੀਸਦੀ ਹੈ।