ਚੰਡੀਗੜ੍ਹ : ਪ੍ਰਾਪਰਟੀ ਟੈਕਸ ਨਾ ਭਰਨ ‘ਤੇ ਨਗਰ ਨਿਗਮ ਮੁਹਾਲੀ ਵੱਲੋਂ ਫੇਜ਼ 7 ਅਤੇ ਫੇਜ਼ 9 ਉਦਯੋਗਿਕ ਵਿੱਚ ਪੰਜ ਪ੍ਰਾਪਟੀਆਂ ਨੂੰ ਸੀਲ ਕੀਤਾ ਗਿਆ। ਨਗਰ ਨਿਗਮ ਮੁਹਾਲੀ ਦੇ ਪ੍ਰਾਪਰਟੀ ਇੰਸਪੈਕਟਰ ਅਵਤਾਰ ਸਿੰਘ ਕਲਸੀਆ ਨੇ ਦਸਿਆ ਕਿ ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਦੇ ਤਹਿਤ ਅੱਚ ਨਗਰ ਨਿਗਮ ਦੀ ਟੀਮ ਵਲੋਂ ਉਦਯੋਗਿਕ ਖੇਤਰ ਦੇ ਫੇਜ਼ 7 ਵਿੱਚ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਪਲਾਟ ਨੰਬਰ ਡੀ 161, ਪਲਾਟ ਨੰਬਰ ਸੀ 102 ਏ/15 ਅਤੇ ਪਲਾਟ ਨੰਬਰ ਐਫ 86 ਏ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਟੈਕਸ 'ਚ ਚੋਰੀ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ, 3 ਗ੍ਰਿਫਤਾਰ
ਇਸ ਦੌਰਾਨ ਨਗਰ ਨਿਗਮ ਦੀ ਟੀਮ ਵਲੋਂ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਪ੍ਰਾਪਰਟੀ ਮਾਲਕਾਂ ਖਿਲਾਫ ਕਾਰਵਾਈ ਕਰਦਿਆਂ ਫੇਜ਼ 9 ਉਦਯੋਗਿਕ ਖੇਤਰ ਦੇ ਪਲਾਟ ਨੰਬਰ 15 ਅਤੇ ਪਲਾਟ ਨੰਬਰ 294 ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਦਸਿਆ ਕਿ ਇਹਨਾਂ ਸਾਰੀਆਂ ਪ੍ਰਾਪਰਟੀਆਂ ਦੇ ਮਾਲਕਾਂ ਵੱਲ ਪ੍ਰਾਪਰਟੀ ਟੈਕਸ ਦਾ 8 ਲੱਖ ਰੁਪਏ ਬਕਾਇਆ ਹੈ, ਜਿਸ ਨੂੰ ਅਦਾ ਨਾ ਕਰਨ ਦੀ ਸੂਰਤ ਵਿੱਚ ਨਗਰ ਨਿਗਮ ਦੀ ਟੀਮ ਵਲੋਂ ਉਪਰੋਕਤ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।