ਓਡੀਸ਼ਾ: ਓਡੀਸ਼ਾ ਦੇ ਬਲਾਂਗੀਰ ਜ਼ਿਲ੍ਹੇ ਦੇ ਪਾਟਨਾਗੜ੍ਹ ਵਿਚ ਬੁੱਧਵਾਰ ਸਵੇਰੇ ਇਕ ਘਰ ਵਿਚੋਂ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਸਥਾਨ 'ਤੇ ਖ਼ੂਨ ਚਾਰੇ ਪਾਸੇ ਖਿਲਰਿਆ ਹੋਇਆ ਸੀ। ਮਿ੍ਤਕ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ ਪਤੀ-ਪਤਨੀ ਤੋਂ ਇਲਾਵਾ ਚਾਰ ਬੱਚੇ ਸ਼ਾਮਲ ਹਨ।
ਮਿ੍ਤਕ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਸਨ। ਪੁਲਿਸ ਸੁਪਰਡੈਂਟ ਮਡਕਰ ਸੰਦੀਪ ਸੰਪਤ ਅਤੇ ਹੋਰ ਸੀਨੀਅਰ ਅਧਿਕਾਰੀ ਮਾਹਿਰਾਂ ਦੀ ਟੀਮ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਜਾਂਚ-ਪੜਤਾਲ ਕੀਤੀ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਤੋਂ ਹੁਣ ਤਕ ਪਰਦਾ ਨਹੀਂ ਉੱਠਿਆ ਹੈ।
ਪੁਲਿਸ ਮੁਤਾਬਕ, ਬਿਹਾਰ ਦਾ ਰਹਿਣ ਵਾਲਾ ਬੁਲੂ ਜਾਨੀ ਕਰੀਬ 15 ਸਾਲ ਪਹਿਲਾਂ ਆਪਣੀ ਪਤਨੀ ਜੋਤੀ ਜਾਨੀ ਨਾਲ ਰੁਜ਼ਗਾਰ ਦੀ ਭਾਲ ਵਿਚ ਪਾਟਨਾਗੜ੍ਹ ਆਇਆ ਸੀ। ਉਹ ਜੰਗਲਾਂ ਵਿਚੋਂ ਸ਼ਹਿਦ ਇਕੱਠਾ ਕਰਕੇ ਵੇਚਣ ਦਾ ਕੰਮ ਕਰਦਾ ਸੀ। ਇਸ ਵਿਚਾਲੇ ਕੁਸੁਮਪਾੜਾ ਵਿਚ ਉਸ ਨੇ ਆਪਣਾ ਇਕ ਪੱਕਾ ਮਕਾਨ ਵੀ ਬਣਾ ਲਿਆ ਸੀ।
ਪਰਿਵਾਰ ਵਿਚ 12 ਸਾਲ ਦੀ ਬੇਟੀ ਸਵਿਤਾ, ਪੰਜ ਸਾਲ ਦਾ ਬੇਟਾ ਭੀਸ਼ਮ, ਤਿੰਨ ਸਾਲ ਦੀ ਬੇਟੀ ਸ਼੍ਰੀਆ ਅਤੇ ਦੋ ਸਾਲ ਦਾ ਬੇਟਾ ਸੰਜੀਵ ਸੀ। ਗੁਆਂਢੀਆਂ ਦੀ ਮੰਨੀਏ ਤਾਂ ਮੰਗਲਵਾਰ ਸ਼ਾਮ ਤਕ ਸਭ ਕੁਝ ਆਮ ਵਰਗਾ ਸੀ, ਪਰ ਰਾਤ ਵਿਚ ਕੁਝ ਰੌਲਾ ਸੁਣਾਈ ਦਿੱਤਾ ਸੀ।