ਚੰਡੀਗੜ੍ਹ : ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਿਲੇਬਸ ’ਚ 30 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇਕ ਪੱਤਰ ਅਨੁਸਾਰ ਪੰਬੋਰਡ ਵੱਲੋਂ ਵਿੱਦਿਅਕ ਸਾਲ 2020-21 ਲਈ 9ਵੀਂ ਤੋਂ 12ਵੀਂ ਜਮਾਤ ਦੇ ਪੰਜਾਬੀ ਅਤੇ ਇਤਿਹਾਸ ਵਿਸ਼ੇ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਪਾਠਕ੍ਰਮ ਨੂੰ 30 ਫ਼ੀਸਦੀ ਘੱਟ ਕੀਤਾ ਗਿਆ ਹੈ।
ਪੱਤਰ 'ਚ ਸਕੂਲ ਪ੍ਰਮੁੱਖਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਕਿ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਘੱਟ ਕੀਤੇ ਗਏ ਵਿਸ਼ੇ ਨੂੰ ਵੀ ਪੜ੍ਹਾਇਆ ਜਾਣਾ ਉੱਚਿਤ ਹੋਵੇਗਾ। ਪੀ. ਐੱਸ. ਈ. ਬੀ. ਵੱਲੋਂ ਸਕੂਲਾਂ ਨੂੰ ਭੇਜੀ ਗਈ ਜਾਣਕਾਰੀ 'ਚ 9ਵੀਂ ਤੋਂ 12ਵੀਂ ਦੇ ਸਿਲੇਬਸ 'ਚ ਜਿਸ ਹਿੱਸੇ ਨੂੰ ਹਟਾਇਆ ਗਿਆ ਹੈ, ਉਸ ਬਾਰੇ ਵੀ ਵਿਸਥਾਰ ਨਾਲ ਸੂਚਨਾ ਭੇਜ ਦਿੱਤੀ ਗਈ ਹੈ।