ਪਟਨਾ : ਬਿਹਾਰ 'ਚ ਕਿਸ ਦੀ ਸਰਕਾਰ ਬਣੇਗੀ, ਕਿਸੇ ਦੇ ਸਿਰ ਬਿਹਾਰ ਦੇ ਮੁੱਖ ਮੰਤਰੀ ਦਾ ਤਾਜ ਸਜੇਗਾ, ਇਸ ਦਾ ਫ਼ੈਸਲਾ ਅੱਜ ਹੋ ਜਾਵੇਗਾ। ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਚੋਣਾਂ 'ਚ ਕਈ ਦਿੱਗਜ਼ ਆਗੂਆਂ ਸਣੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ 2 ਲਾਲ ਤੇਜੱਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ। ਉੱਥੇ ਹੀ ਜ਼ਿਆਦਾਤਰ ਐਗਜ਼ਿਟ ਪੋਲ 'ਚ ਗਠਜੋੜ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ।
ਬਿਹਾਰ ਵਿਧਾਨ ਸਭਾ ਲਈ 3 ਪੱਧਰਾਂ 'ਚ ਹੋਈਆਂ ਚੋਣਾਂ ਤੋਂ ਬਾਅਦ ਨਿਤੀਸ਼ ਕੁਮਾਰ ਜਾਂ ਤੇਜੱਸਵੀ ਪ੍ਰਸਾਦ ਯਾਦਵ 'ਚੋਂ ਕਿਸ ਦੀ ਸਰਕਾਰ ਬਣੇਗੀ, ਇਸ ਦੀ ਉਡੀਕ ਸਿਰਫ ਆਗੂ ਹੀ ਨਹੀਂ, ਸਗੋਂ ਸੂਬੇ ਦੀ ਜਨਤਾ ਵੀ ਬੇਸਬਰੀ ਨਾਲ ਕਰ ਰਹੀ ਹੈ। ਵਿਧਾਨ ਸਭਾ ਦੇ ਨਾਲ ਹੀ ਵਾਲਮੀਕੀ ਨਗਰ ਸੰਸਦੀ ਉਪ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। ਬਿਹਾਰ ਵਿਧਾਨ ਸਭਾ ਚੋਣਾਂ-2020 'ਚ 243 ਸੀਟਾਂ ਲਈ 57.05 ਫ਼ੀਸਦੀ ਵੋਟਿੰਗ ਹੋਈ ਸੀ। ਕੌਮਾਂਤਰੀ ਮਹਾਮਾਰੀ ਕੋਰੋਨਾ ਦੇ ਬਾਵਜੂਦ ਇਸ ਵਾਰ ਬਿਹਾਰ ਵਿਧਾਨ ਸਭਾ ਚੋਣਾਂ 'ਚ ਸਾਲ 2015 ਦੇ ਮੁਕਾਬਲੇ ਜ਼ਿਆਦਾ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।