ਹੈਦਰਾਬਾਦ : ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਦੀ ਇਕ ਵਿਦਿਆਰਥਣ ਨੇ ਆਪਣੀ ਪੜ੍ਹਾਈ 'ਚ ਘਰ ਦੀ ਮਾੜੀ ਹਾਲਤ ਦੇ ਅੜਿੱਕਾ ਬਣਨ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੇ ਦਿੱਤੀ।
ਰੰਗਾਰੈੱਡੀ ਜ਼ਿਲ੍ਹੇ ਦੇ ਨਿਵਾਸੀ ਕੁੜੀ ਦੇ ਮੋਟਰ ਮਕੈਨਿਕ ਪਿਤਾ ਜੀ. ਸ਼੍ਰੀਨਿਵਾਸ ਰੈੱਡੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਐਸ਼ਰਵਰਿਆ ਦਿੱਲੀ 'ਚ ਪੜ੍ਹਾਈ ਦੇ ਨਾਲ-ਨਾਲ ਸਿਵਿਲ ਸੇਵਾ ਦੀ ਵੀ ਤਿਆਰੀ ਕਰ ਰਹੀ ਸੀ। ਦੋ ਨਵੰਬਰ ਨੂੰ ਉਸਨੇ ਫਾਂਸੀ ਲਗਾ ਲਈ। ਘਰ ਵਾਲਿਆਂ ਨੇ ਜਦੋਂ ਉਸ ਨੂੰ ਲਟਕੇ ਹੋਏ ਦੇਖਿਆ ਤਾਂ ਫੌਰਨ ਹਸਪਤਾਲ ਲੈ ਕੇ ਭੱਜੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਐਸ਼ਵਰਿਆ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ 'ਚ ਬੀਐੱਸਸੀ (ਆਨਰਸ) ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਮਾਰਚ 'ਚ ਕੋਰੋਨਾ ਕਾਰਨ ਉਸ ਨੂੰ ਘਰ ਪਰਤਨਾ ਪਿਆ ਸੀ। ਸੁਸਾਈਡ ਨੋਟ 'ਚ ਉਸ ਨੇ ਲਿਖਿਆ ਕਿ ਉਹ ਆਪਣੀ ਪੜ੍ਹਾਈ ਲਈ ਮਾਂ-ਬਾਪ 'ਤੇ ਬੋਝ ਨਹੀਂ ਬਣਨਾ ਚਾਹੁੰਦੀ। ਰੈੱਡੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਬਾਰ੍ਹਵੀਂ 'ਚ ਚੰਗੇ ਨੰਬਰ ਹਾਸਲ ਕੀਤੇ ਸਨ ਜਿਸ ਦੇ ਆਧਾਰ 'ਤੇ ਉਸ ਨੂੰ ਦਿੱਲੀ ਦੇ ਮਸ਼ਹੂਰ ਕਾਲਜ 'ਚ ਦਾਖ਼ਲਾ ਮਿਲਿਆ ਸੀ।