ਨੋਇਡਾ : ਨੋਇਡਾ ਦੇ ਬਿਸਰਖ ਥਾਣਾ ਖੇਤਰ ਦੇ ਸੁਪਰਟੇਕ ਇਕੋਵਿਲੇਜ ਨਾਮੀ ਸੋਸਾਇਟੀ 'ਚ ਰਹਿਣ ਵਾਲੀ 26 ਸਾਲਾ ਇਕ ਔਰਤ ਨੇ 3 ਸਾਲਾ ਪੁੱਤਰ ਨਾਲ ਇਮਾਰਤ ਦੀ 17ਵੀਂ ਮੰਜ਼ਲ ਤੋਂ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਸਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਘਟਨਾ ਦੇ ਸਮੇਂ ਪ੍ਰਿਯੰਕਾ ਦਾ ਪਤੀ ਅਪਣੇ ਪਿਤਾ ਨੂੰ ਲੈਣ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਪ੍ਰਿਯੰਕਾ ਦਾ ਅਪਣੀ ਨਨਾਣ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ 'ਚ ਪ੍ਰਿਯੰਕਾ ਨੇ ਅਪਣੀ ਨਨਾਣ 'ਤੇ ਗਰਮ ਤੇਲ ਸੁੱਟ ਦਿਤਾ। ਇਸ ਤੋਂ ਬਾਅਦ ਅਪਣੇ 3 ਸਾਲਾ ਪੁੱਤਰ ਜਿਸ ਦਾ ਨਾਂ ਦਿਵਯਾਂਸ਼ ਦਸਿਆ ਜਾ ਰਿਹਾ ਹੈ ਨੂੰ ਲੈ ਕੇ 17ਵੀਂ ਮੰਜ਼ਲ ਤੋਂ ਛਾਲ ਮਾਰ ਦਿਤੀ। ਪੁਲਿਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦਸਿਆ ਕਿ ਥਾਮਾ ਬਿਸਰਖ ਖੇਤਰ 'ਚ ਸਥਿਤ ਸੁਪਰਟੇਕ ਇਕੋਵਿਲੇਜ਼ ਨਾਮੀ ਸੋਸਾਇਟੀ 'ਚ ਰਹਿਣ ਵਾਲੇ ਵਾਲੀ ਪ੍ਰਿਯੰਕਾ ਤਿਆਗੀ ਨੇ ਅਪਣੇ ਪੁੱਤਰ ਨਾਲ 17ਵੀਂ ਮੰਜ਼ਲ ਤੋਂ ਛਾਲ ਮਾਰ ਦਿਤੀ।
ਅਧਿਕਾਰੀ ਨੇ ਦਸਿਆ ਕਿ ਇਸ ਘਟਨਾ 'ਚ ਮਾਂ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਖ਼ੁਦਕੁਸ਼ੀ ਦਾ ਕਾਰਨ ਸਪੱਸ਼ਟ ਹੋ ਸਕੇਗਾ।