ਨਵੀਂ ਦਿੱਲੀ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 50 ਹਜ਼ਾਰ ਤੋਂ ਵੀ ਵੱਧ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਆਏ ਹਨ। ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 84 ਲੱਖ 62 ਹਜ਼ਾਰ 080 ਹੋ ਗਿਆ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 50 ਹਜ਼ਾਰ 357 ਨਵੇਂ ਮਰੀਜ਼ ਮਿਲੇ ਹਨ, ਜਦਕਿ 577 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਦੇਸ਼ 'ਚ ਹੁਣ ਤਕ ਕੋਰੋਨਾ ਕਾਰਨ 1 ਲੱਖ 25 ਹਜ਼ਾਰ 562 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤਕ 78 ਲੱਖ 19 ਹਜ਼ਾਰ 887 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ । ਜਿਸ ਤੋਂ ਬਾਅਦ ਦੇਸ਼ 'ਚ ਸਰਗਰਮ ਕੇਸਾਂ ਦੀ ਗਿਣਤੀ 5 ਲੱਖ 16 ਹਜ਼ਾਰ 632 ਹੋ ਗਈ ਹੈ।
ਆਈ.ਸੀ.ਐਮ.ਆਰ ਅਨੁਸਾਰ 6 ਨਵੰਬਰ ਤਕ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 11 ਕਰੋੜ 65 ਲੱਖ 42 ਹਜ਼ਾਰ 304 ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਕੱਲ 11 ਲੱਖ 13 ਹਜ਼ਾਰ 209 ਨਮੂਨਿਆਂ ਦਾ ਟੈਸਟ ਕੀਤਾ ਗਿਆ । ਦੇਸ਼ 'ਚ ਕੋਰੋਨਾ ਵਾਇਰਸ ਦੀ ਮੌਤ ਦਰ ਲਗਾਤਾਰ ਘੱਟ ਰਹੀ ਹੈ ਅਤੇ ਰਿਕਵਰੀ ਰੇਟ ਵੱਧ ਰਿਹਾ ਹੈ। ਇਸੇ ਵਿਚਾਲੇ ਦੇਸ਼ 'ਚ ਰਿਕਵਰੀ ਰੇਟ ਵੱਧ ਕੇ 92 ਫ਼ੀ ਸਦੀ ਹੋ ਗਿਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਉਛਾਲ ਆਇਆ ਹੈ । ਪਿਛਲੇ 24 ਘੰਟਿਆਂ ਵਿਚ ਦਿੱਲੀ 'ਚ ਕੋਰੋਨਾ ਦੇ 7000 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦਿੱਲੀ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 4.24 ਲੱਖ ਹੋ ਗਈ ਹੈ। ਰਾਜਧਾਨੀ ਵਿਚ ਪਿਛਲੇ 24 ਘੰਟਿਆਂ 'ਚ 64 ਲੋਕਾਂ ਦੀ ਮੌਤ ਹੋ ਗਈ ਹੈ।