ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਕਾਰਨ ਹੋ ਰਹੇ ਧਰਨੇ-ਪ੍ਰਦਰਸ਼ਨਾਂ ਦੀ ਵਜ੍ਹਾ ਨਾਲ ਪੰਜਾਬ 'ਚ ਠੱਪ ਰੇਲ ਸੇਵਾਵਾਂ ਨੂੰ ਮੜ ਸ਼ੁਰੂ ਕਰਨ ਲਈ ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲਵੇ ਸਟਾਫ ਅਤੇ ਰੇਲ ਗੱਡੀਆਂ 'ਚ ਸਫਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੀਵਾਲੀ, ਗੁਰਪੁਰਬ ਮੌਕੇ ਯਾਤਰਾ ਕਰਨਾ ਚਾਹੁੰਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਟਰੇਨਾਂ ਚਲਾ ਸਕੀਏ। ਗੋਇਲ ਨੇ ਕਿਹਾ ਕਿ ਟਰੇਨਾਂ ਚਲਾਉਣ ਲਈ ਜ਼ਰੂਰੀ ਹੈ ਕਿ ਸਾਰੇ ਟਰੈਕ, ਸਟੇਸ਼ਨ ਅਤੇ ਰੇਲਵੇ ਜਾਇਦਾਦਾਂ ਸੁਰੱਖਿਆ ਦੇ ਲਿਹਾਜ ਨਾਲ ਯਾਤਰੀਆਂ ਅਤੇ ਰੇਲਵੇ ਸਟਾਫ ਲਈ ਖਾਲੀ ਹੋਣ। ਉਨ੍ਹਾਂ ਕਿਹਾ, 'ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਰੇਲਵੇ ਸਿਸਟਮ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਸਾਰੀਆਂ ਰੇਲ ਗੱਡੀਆਂ ਨੂੰ ਪੰਜਾਬ ਰਾਹੀਂ ਆਉਣ-ਜਾਣ ਦੀ ਮਨਜ਼ੂਰੀ ਦੇਵੇ ਤਾਂ ਜੋ ਮਾਲ ਅਤੇ ਯਾਤਰੀ ਰੇਲ ਗੱਡੀਆਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ।''
ਗੌਰਤਲਬ ਹੈ ਕਿ ਪੰਜਾਬ ਲਈ ਮਾਲ ਗੱਡੀਆਂ ਮੁਅੱਤਲ ਹੋਣ ਕਾਰਨ ਸੂਬੇ 'ਚ ਕੋਲੇ ਦੀ ਘਾਟ ਦੀ ਵਜ੍ਹਾ ਨਾਲ ਬਿਜਲੀ ਦੇ ਕੱਟ ਲੱਗ ਰਹੇ ਹਨ। ਬੀਤੇ ਦਿਨ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜਗ੍ਹਾ ਰੇਲਵੇ ਟਰੈਕ ਟਰੇਨਾਂ ਦੀ ਆਵਾਜਾਈ ਲਈ ਖਾਲੀ ਹੋ ਗਏ ਹਨ। ਇਕ ਬੁਲਾਰੇ ਨੇ ਕਿਹਾ ਕਿ 21 ਥਾਵਾਂ, ਜਿੱਥੇ ਕਿਸਾਨ ਧਰਨੇ ਲਾ ਰਹੇ ਸਨ ਉਹ ਮਾਲ ਗੱਡੀਆਂ ਚਲਾਉਣ ਲਈ ਖਾਲ੍ਹੀ ਹੋ ਗਈਆਂ ਹਨ।